ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਪਰੈਲ
ਨਗਰ ਨਿਗਮ ਦੀ ਪਾਰਕ ਵਿੱਚ 9 ਲੱਖ ਦੀ ਲਾਗਤ ਨਾਲ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਜਿਸ ਤੋਂ ਪਰਦਾ ਅੱਜ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਉਠਾਇਆ। ਇਸ ਦੌਰਾਨ ਹੀ ਨਗਰ ਨਿਗਮ ਦੀ ਸਵੀਪਰ ਯੂਨੀਅਨ ਅਤੇ ਨਗਰ ਨਿਗਮ ਵੱਲੋਂ ਕਰਵਾਏ ਸਾਂਝਾ ਸਮਾਰੋਹ ਵੀ ਕਰਵਾਇਆ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਸੰਵਿਧਾਨ ਘਾੜੇ ਬਾਬਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਰਚ ਕੇ ਦੇਸ਼ ਦੀ ਜਨਤਾ ਦਾ ਭਵਿੱਖ ਲਿਖਿਆ।
ਉਨ੍ਹਾਂ ਹੋਰ ਕਿਹਾ ਕਿ ਅੱਜ ਭਾਵੇਂ ਸਾਰਾ ਦੇਸ਼ ਬਾਬਾ ਸਾਹਿਬ ਨੂੰ ਪਿਆਰ ਕਰਦਾ ਹੈ, ਪਰੰਤੂ ਕੁੁਝ ਪਾਰਟੀਆਂ ਉਨ੍ਹਾਂ ਵੱਲੋਂ ਰਚੇ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿਸ ਲਈ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਸੰਵਿਧਾਨ ਦੀ ਰੱਖਿਆ ਅਤੇ ਇਸ ਦਾ ਮਾਣ ਸਨਮਾਨ ਕਰਨ ਲਈ ਪ੍ਰਣ ਕਰੀਏ। ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਨਗਰ ਨਿਗਮ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਹਨਤ ਸਦਕਾ ਦੇਸ਼ ਦੀਆਂ ਉਨ੍ਹਾਂ ਚੋਣਵੀਆਂ ਨਗਰ ਨਿਗਮਾਂ ’ਚ ਸ਼ੁਮਾਰ ਹੋ ਗਈ ਹੈ, ਜਿੱਥੇ ਕੂੜੇ ਦੇ ਨਿਪਟਾਰੇ ਦੇ ਵਧੀਆ ਪ੍ਰਬੰਧ ਹਨ। ਇਸ ਮੌਕੇ ਸਵੀਪਰ ਯੂਨੀਅਨ ਦੇ ਪ੍ਰਧਾਨ ਬਿਨੀ ਸਹੋਤਾ ਸਮੇਤ ਡਿਪਟੀ ਮੇਅਰ ਵਿਨਤੀ ਸੰਗਰ ਤੇ ਸੋਨੂ ਸੰਗਰ ਨੇ ਵੀ ਵਿਚਾਰ ਪੇਸ਼ ਕੀਤੇ। ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਵੀ ਸ਼ਲ਼ਾਘਾ ਕੀਤੀ। ਸਮਾਰੋਹ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਹਨੀ ਸੇਖੋਂ, ਪੀਆਰਟੀਸੀ ਚੇਅਰਮੈਨ ਕੇ.ਕੇ. ਸ਼ਰਮਾ, ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ ਤੇ ਲਾਲ ਵਿਸ਼ਵਾਸ਼ ਤੇ ਰਾਮਗੜ੍ਹੀਆ ਭਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਜਦਕਿ ਕੌਂਸਲਰ ਹਰਵਿੰਦਰ ਨਿੱਪੀ, ਨਰੇਸ਼ ਦੁੱਗਲ, ਅਤੁਲ ਜੋਸ਼ੀ, ਵਿਜੇ ਕੂਕਾ, ਨਿਖਿਲ ਬਾਤਿਸ਼, ਹੈਪੀ ਵਰਮਾ, ਗੋਪਾਲ ਸਿੰਗਲਾ, ਆਰਤੀ ਸ਼ਰਮਾ, ਰਜਿੰਦਰ ਸ਼ਰਮਾ, ਹਰੀਸ਼ ਨਾਗਪਾਲ ਗਿਨੀ, ਸੰਦੀਪ ਮਲਹੋਤਰਾ, ਅਨੁਜ ਖੋਸਲਾ ਅਤੇ ਕੇ. ਕੇ ਮਲਹੋਤਰਾ ਵੀ ਹਾਜਰ ਰਹੇ।
ਯਾਦਗਾਰੀ ਗੇਟ ਦੀ ਉਸਾਰੀ ਦੀ ਸੇਵਾ ਸ਼ੁਰੂ
ਪਟਿਆਲਾ(ਰਵੇਲ ਸਿੰਘ ਭਿੰਡਰ): ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਨਗਰ ਨਿਗਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਉਸਾਰੇ ਜਾਣ ਵਾਲੇ ਯਾਦਗਾਰੀ ਗੇਟ ਦੀ ਸੇਵਾ ਅੱਜ ਬਾਅਦ ਦੁਪਹਿਰ ਸ੍ਰੀ ਚੌਪਈ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਅਰੰਭ ਹੋਈ। ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਵੱਲੋਂ ਕਰਵਾਈ ਜਾਣ ਵਾਲੀ ਇਸ ਸੇਵਾ ਦੀ ਅਰੰਭਤਾ ਮੌਕੇ ਕਰਵਾਏ ਧਾਰਮਿਕ ਸਮਾਗਮ ’ਚ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਸਮੇਤ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਵੀ ਇੱਕ ਸ਼ਰਧਾਲੂ ਵਜੋਂ ਸ਼ਮੂਲੀਅਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਹਿੰਦ ਦੀ ਚਾਦਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਜਸ਼ਨਾਂ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਵੇਗੀ।