ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 3 ਅਪਰੈਲ
ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫ਼ੈਸਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਜੋ ਕਿ ਡੀਨ, ਬਾਹਰੀ ਕੇਂਦਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ, ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਲਗਾਇਆ ਗਿਆ ਹੈ। ਡਾ. ਗਿੱਲ ਨੇ 1987 ਤੋਂ ਯੂਨੀਵਰਸਿਟੀ ਵਿਚ ਫੈਕਲਟੀ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਉਹ ਸੰਨ 2000 ਵਿਚ ਪ੍ਰੋਫੈਸਰ ਬਣੇ ਅਤੇ ਪਿਛਲੇ 3 ਸਾਲਾਂ ਤੋਂ ਯੂਨੀਵਰਸਿਟੀ ਦੇ ਸਭ ਤੋਂ ਸੀਨੀਅਰ ਪ੍ਰੋਫੈਸਰ ਹਨ। ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਡੀਨ ਅਕਾਦਮਿਕ ਡਾ ਅੰਮ੍ਰਿਤਪਾਲ ਕੌਰ ਵੱਲੋਂ ਪੂਟਾ ਦੇ ਸੰਘਰਸ਼ ਦੇ ਮੱਦੇਨਜ਼ਰ ਆਪਣੇ ਦਿੱਤੇ ਅਸਤੀਫੇ ਉੱਤੇ ਕਾਇਮ ਰਹਿਣ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅੱਜ ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਅਗਲੇ ਡੀਨ ਅਕਾਦਮਿਕ ਨਿਯੁਕਤ ਕਰ ਦਿੱਤਾ ਹੈ। ਉੱਧਰ ਪੂਟਾ ਵੱਲੋਂ ਰਜਿਸਟਰਾਰ ਦੇ ਕੀਤੇ ਗਏ ਵਿਰੋਧ ਦੇ ਵਾਂਗ ਹੀ ਹੁਣ ਡੀਨ ਅਕਾਦਮਿਕ ਦੀ ਨਿਯੁਕਤੀ ਦਾ ਤਿੱਖਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ। ਪੂਟਾ ਤੇ ਹੋਰ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਅਜਿਹਾ ਐਲਾਨ ਵੀ ਕਰ ਦਿੱਤਾ ਗਿਆ ਹੈ।
ਸੰਵਿਧਾਨਕ ਸੰਕਟ ਪਹਿਲਾਂ ਵਾਂਗ ਬਰਕਰਾਰ: ਪੂਟਾ ਸਕੱਤਰ
ਉਧਰ ਪੂਟਾ ਦੇ ਸਕੱਤਰ ਡਾ ਅਵਨੀਤਪਾਲ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਨਿੱਤ ਪ੍ਰਤੀ ਦਿਨ ਦੇ ਕੰਮ ਇਸ ਮਹੀਨੇ ਦੀ ਤਨਖਾਹ ਅਤੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ 5 ਅਪਰੈਲ ਤੋਂ ਪ੍ਰਬੰਧਕ ਬਲਾਕ ਨੰਬਰ ਦੋ ਦੇ ਦਫ਼ਤਰ ਖੁੱਲੇ ਰਹਿਣਗੇ। ਉਨ੍ਹਾਂ ਦੱਸਿਆ ਕਿ ਤਿੰਨੇ ਜਥੇਬੰਦੀਆਂ ਦਾ ਮੰਗਾਂ ਪੂਰੀਆਂ ਹੋਣ ਤੱਕ ਸਾਂਝੇ ਰੂਪ ’ਚ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨਾਂ ਕਿਹਾ ਕਿ ਯੂਨੀਵਰਸਿਟੀ ‘ਚ ਡੀਨ ਅਕਾਦਮਿਕ ਦੀ ਨਿਯੁਕਤੀ ਨਾਲ ਸੰਵਿਧਾਨਕ ਸੰਕਟ ਪਹਿਲਾਂ ਵਾਂਗ ਬਰਕਰਾਰ ਹੈ, ਕਿਉਂਕਿ ਜਿਨ੍ਹਾਂ ਅਧਿਆਪਕਾਂ ਨੇ ਰੋਸ ਵਜੋਂ ਅਸਤੀਫੇ ਦਿੱਤੇ ਹੋਏ ਹਨ ਉਨ੍ਹਾਂ ਵੱਲੋਂ ਕਦਾਚਿਤ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਜਾ ਰਿਹਾ ਹੈ ਤੇ ਆਪਣੇ ਸਟੈਂਡ ’ਤੇ ਕਾਇਮ ਹਨ।