ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ-ਸ਼ਾਸਤਰ ਵਿਭਾਗ ਦੀ ਮੁਖੀ ਅਤੇ ਪ੍ਰੋਫ਼ੈਸਰ ਡਾ. ਅਨੁਪਮਾ ਦੇ ਡੀਨ, ਵਿਦਿਆਰਥੀ ਭਲਾਈ ਬਣਨ ਨਾਲ ਵਿਦਿਆਰਥੀਆਂ ਅੰਦਰ ਖੁਸ਼ੀ ਅਤੇ ਸੰਤੁਸ਼ਟੀ ਦੇ ਭਾਵ ਵੇਖਣ ਨੂੰ ਮਿਲੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਲੜਕੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਹੋਰ ਉੱਚਾ ਕਰਨ ਹਿਤ ਸ਼ਾਨਦਾਰ ਫ਼ੈਸਲਾ ਕੀਤਾ ਹੈ। ਪ੍ਰੋ. ਅਨੁਪਮਾ ਨੇ ਲੰਘੇ ਕੱਲ ਡੀਨ ਪਦ ਦਾ ਚਾਰਜ ਸੰਭਾਲਣ ਮਗਰੋ ਅੱਜ ਵਿਭਾਗੀ ਕੰਮ ਆਰੰਭਦਿਆਂ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਕਸ਼ ਨੂੰ ਮਜਬੂਤ ਕਰਨ ਹਿਤ ਸਮੁੱਚੇ ਅਮਲੇ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਾਰਜ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਮਸਲਿਆਂ ਨੂੰ ਆਪਸੀ ਸਹਿਯੋਗ ਅਤੇ ਮਿਲਵਰਤਨ ਨਾਲ ਹੱਲ ਕੀਤਾ ਜਾਵੇਗਾ। ਉਹਨਾਂ ਵਾਈਸ-ਚਾਂਸਲਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਉਨਾਂ ਨੂੰ ਇਹ ਮਾਣਮੱਤਾ ਅਹੁਦਾ ਦੇ ਕੇ ਨਿਵਾਜਿਆ ਹੈ। ਅੱਜਕਲ੍ਹ ਡਾਕਟਰ ਅਨੁਪਮਾ ਆਪਣੇ ਅਧਿਆਪਨ ਕਾਰਜ ਦੇ ਨਾਲ-ਨਾਲ ਵੱਖ-ਵੱਖ ਏਜੰਸੀਆਂ ਦੇ ਅਹਿਮ ਪ੍ਰਜੈਕਟਾਂ ਵਿੱਚ ਵੀ ਕਾਰਜਸ਼ੀਲ ਹਨ। -ਨਿੱਜੀ ਪੱਤਰ ਪ੍ਰੇਰਕ