ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਮਈ
ਸਿਆਸੀ ਪਾਰਟੀਆਂ ਕੁਝ ਮੁੱਦਿਆਂ ਨੂੰ ਚੁਣਾਵੀਂ ਜੁਮਲੇ ਬਣਾਉਣ ਉਪਰੰਤ ਸੱਤਾ ਸੁੱਖ ਮਾਨਣ ਲਈ ਹੱਲ ਨਹੀਂ ਕਰਦੀਆਂ ਸ਼ਾਇਦ ਇਸੇ ਕਰਕੇ ਹਲਕੇ ਸ਼ੁਤਰਾਣਾ ਦੇ ਦਰਜਨ ਦੇ ਕਰੀਬ ਬੰਦ ਪਏ ਰਜਵਾਹਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜਾਣਕਾਰੀ ਅਨੁਸਾਰ ਸੱਤਾ ਦਾ ਆਨੰਦ ਮਾਣਨ ਵਾਲੀਆਂ ਦੋਵੇਂ ਪਾਰਟੀਆਂ ਕਈ ਵਾਰ ਨਹਿਰੀ ਪਾਣੀ ਦੇਣ ਦਾ ਲਾਰਾ ਲਾ ਕੇ ਕਿਸਾਨਾਂ ਦੀਆਂ ਵੋਟਾਂ ਹਥਿਆ ਚੁਕੀਆਂ ਹਨ ਪਰ ਕਿਸੇ ਵੀ ਪਾਰਟੀ ਨੇ ਰਜਵਾਹਿਆਂ ਦੇ ਨਵੀਨੀਕਰਨ ਜਾਂ ਮੁਰੰਮਤ ਕਰਵਾ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਦੋਂ ਕਿ ਧਰਤੀ ਹੇਠਲਾ ਪਾਣੀ ਡੂੰਘਾ ਚਲੇ ਜਾਣ ’ਤੇ ਜ਼ਮੀਨਾਂ ਮਾਰੂਥਲ ਵੱਲ ਵਧ ਰਹੀਆਂ ਹਨ।
ਹਲਕੇ ਦੇ ਕਿਸਾਨਾਂ ਨੇ ਕਿਹਾ ਕਿ ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਪਿਛਲੇ ਕੁਝ ਸਮੇਂ ਤੋਂ ਨਹੀਂ ਮਿਲ ਰਿਹਾ ਜਦੋਂ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾਉਣ ਦੇ ਨਾਂ ’ਤੇ ਵੋਟਾਂ ਹਾਸਲ ਕਰ ਚੁੱਕੀਆਂ ਹਨ ਪਰ ਦੋ ਦਹਾਕਿਆਂ ਵਿੱਚ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ। ਉਕਤ ਪਾਰਟੀਆਂ ਦੀ ਅਣਗਹਿਲੀ ਕਾਰਨ ਕੁੱਝ ਨਹਿਰੀ ਰਜਵਾਹੇ ਖਤਮ ਹੋ ਚੁਕੇ ਹਨ ਤੇ ਕੁੱਝ ਘਾਹਫੂਸ ਭਰਕੇ ਬੰਦ ਹੋ ਜਾਣ ਮਗਰੋਂ ਨਹਿਰੀ ਖਾਲ਼ ਤਾਂ ਮਹਿਜ਼ ਨਕਸ਼ੇ ’ਤੇ ਹਨ।
ਕਿਸਾਨਾਂ ਨੇ ਕਿਹਾ ਹੈ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ‘ਪਾਣੀਆਂ ਦਾ ਰਾਖਾ’ ਦਾ ਖਿਤਾਬ ਕਿਵੇਂ ਦੇ ਦਿੰਦੇ ਹਨ ਜਦਕਿ ਕੈਪਟਨ ਦੀਆਂ ਅੱਖਾਂ ਸਾਹਮਣੇ ਪੰਜਾਬ ਦੇ ਹਿੱਸੇ ਦਾ ਨਹਿਰੀ ਪਾਣੀ ਤਾਂ ਚਿੱਟੇ ਦਿਨ ਹਰਿਆਣਾ ਨੂੰ ਜਾ ਰਿਹਾ ਹੈ।
ਝੰਬੋ ਚੋਅ ’ਚੋਂ ਨਿਕਲਣ ਵਾਲੇ ਰਜਵਾਹਿਆਂ ਰਾਹੀਂ ਕਿਸਾਨਾਂ ਨੂੰ ਪਾਣੀ ਮਿਲੇਗਾ: ਐਕਸੀਅਨ
ਐਕਸੀਅਨ ਜਸਦੀਪ ਕੌਰ ਰੰਧਾਵਾ ਨੇ ਕਿਹਾ ਹੈ ਕਿ ਰਜਵਾਹਿਆਂ ਦੀ ਸਫ਼ਾਈ ਤੇ ਮੁਰੰਮਤ ਲਈ ਸਰਕਾਰ ਵੱਲੋਂ ਕੋਈ ਫੰਡ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਇਨ੍ਹਾਂ ਦੀ ਸਫ਼ਾਈ ਮਨਰੇਗਾ ਰਾਹੀਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿੱਚ ਇਕ ਪ੍ਰਾਜੈਕਟ ਪਾਸ ਹੋਇਆ ਹੈ, ਜਿਸ ਦੇ ਤਹਿਤ ਝੰਬੋ ਚੋਅ ’ਚੋਂ ਨਿਕਲਣ ਵਾਲੇ ਅਤੇ ਹੋਰ ਰਜਵਾਹਿਆਂ ਲਈ ਜਿਵੇਂ ਜਿਵੇਂ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਏ ਜਾਣਗੇ, ਉਨ੍ਹਾਂ ਦੀ ਮੁਰੰਮਤ ਕਰਵਾ ਕੇ ਕਿਸਾਨਾਂ ਨੂੰ ਪਾਣੀ ਪਹੁੰਚਦਾ ਕੀਤਾ ਜਾਵੇਗਾ।