ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਮਈ
ਬੀਤੀ ਰਾਤ ਭਾਰੀ ਬਰਸਾਤ, ਗੜ੍ਹੇਮਾਰੀ ਅਤੇ ਝੱਖੜ ਦੌਰਾਨ ਪਿੰਡ ਗੋਬਿੰਦਪੁਰਾ ਪੈਂਦ ਵਿੱਚ ਵੱਡੇ ਪੱਧਰ ਉਤੇ ਕਿਸਾਨਾਂ ਦੀਆਂ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ। ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਪਿੰਡ ਗੋਬਿੰਦਪੁਰਾ ਪੈਂਦ ਵਾਸੀ ਕੁਲਵੰਤ ਸਿੰਘ ਅਤੇ ਉਸ ਦੇ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਉੱਤੇ ਦਿੱਤੇ ਜਾ ਰਹੇ ਜ਼ੋਰ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਤਿੰਨ ਸਾਲ ਪਹਿਲਾਂ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਸੀ। ਇਸ ਵਾਰ ਉਨ੍ਹਾਂ ਛੇ ਏਕੜ ਵਿੱਚ ਤਰਬੂਜ਼, ਪੰਜ ਏਕੜ ਵਿੱਚ ਮਿਰਚ ਅਤੇ ਤਿੰਨ ਏਕੜ ’ਚ ਖਰਬੂਜ਼ੇ ਦੀ ਖੇਤੀ ਕੀਤੀ ਸੀ। ਬੀਤੀ ਰਾਤ ਪਏ ਗੜਿਆਂ ਅਤੇ ਝੱਖੜ ਕਰਕੇ ਤਰਬੂਜ਼ ਦੀ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ। ਤਰਬੂਜ਼ ਦੀ ਫ਼ਸਲ ਪੈਦਾ ਕਰਨ ਉਤੇ ਵੱਡੇ ਪੱਧਰ ਉੱਤੇ ਖ਼ਰਚਾ ਹੋਇਆ ਪਰ ਤੁੜਾਈ ਤੋਂ ਪਹਿਲਾਂ ਹੀ ਕੁਦਰਤ ਦੀ ਮਾਰ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਕਿ ਮਿਰਚ ਸਮੇਤ ਬਾਕੀ ਸਬਜ਼ੀਆਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਧਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਏਕੜ ਵਿੱਚ ਤਰਬੂਜ਼, ਡੇਢ ਏਕੜ ਵਿੱਚ ਖੀਰਾ ਅਤੇ ਇਕ ਏਕੜ ਵਿਚ ਪਿਆਜ਼ ਦੀ ਖੇਤੀ ਕੀਤੀ ਸੀ। ਮਾਰਕੀਟ ਵਿੱਚ ਖੀਰੇ ਦਾ ਯੋਗ ਭਾਅ ਨਾ ਮਿਲਣ ਕਰਕੇ ਕੁਝ ਪੱਲੇ ਨਹੀਂ ਪਿਆ ਅਤੇ ਹੁਣ ਤਰਬੂਜ਼ ਤਬਾਹ ਹੋ ਗਿਆ ਹੈ। ਪਿਆਜ਼ ਦੀ ਫਸਲ ਖੜ੍ਹੇ ਪਾਣੀ ਕਰਕੇ ਖ਼ਤਮ ਹੋਣ ਦੇ ਕੰਢੇ ਹੈ ਇਸ ਤੋਂ ਇਲਾਵਾ ਵਰਿੰਦਰ ਸਿੰਘ ਦੀ ਦੋ ਏਕੜ ਮਿਰਚ, ਗੁਰਜਿੰਦਰ ਸਿੰਘ ਦੀ ਚਾਰ ਏਕੜ ਮੂੰਗੀ ਸੂਬਾ ਸਿੰਘ ਦੀ ਦੋ ਏਕੜ ਮਿਰਚ ਤੇ ਇੱਕ ਏਕੜ ਕਰੇਲੇ ਦੀ ਫ਼ਸਲ, ਮੁਖਤਿਆਰ ਸਿੰਘ ਦੀ ਡੇਢ ਏਕੜ ਮਿਰਚ, ਖੀਰਾ ਤੇ ਇਕ ਏਕੜ ਟਮਾਟਰ, ਸਰਦਾਰਾ ਸਿੰਘ ਦੀ ਇੱਕ ਏਕੜ ਕੱਦੂ ਅਤੇ ਇੱਕ ਏਕੜ ਖੀਰੇ ਖ਼ਤਮ ਹੋ ਚੁੱਕੇ ਹਨ।
ਇਸ ਦੌਰਾਨ ਸਮਾਜ ਸੇਵੀ ਆਗੂ ਤੇਜਪਾਲ ਸ਼ਰਮਾ ਨੇ ਦੱਸਿਆ ਕਿ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਦਰਖਾਸਤਾਂ ਐੱਸਡੀਐੱਮ ਦਫ਼ਤਰ ਪਾਤੜਾਂ ਵਿਖੇ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ’ਤੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਗਿਰਦਾਵਰੀ ਕਰਵਾਉਣੀ ਚਾਹੀਦੀ ਹੈ।
ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ: ਕਿਸਾਨ ਸਭਾ
ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਨੇ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਰਹੀਆਂ ਹਨ ਪਰ ਸਬਜ਼ੀਆਂ ਸਮੇਤ ਹੋਰ ਫ਼ਸਲਾਂ ਦੇ ਖ਼ਰੀਦ ਮੁੱਲ ਯਕੀਨੀ ਬਣਾਏ ਜਾਣ ਤੋਂ ਹਰ ਵਾਰ ਟਾਲਾ ਵੱਟਿਆ ਹੈ। ਉਨ੍ਹਾਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਕੇਰਲ ਦੀ ਤਰਜ਼ ਤੇ ਸਬਜ਼ੀਆਂ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦੇ ਨਾਲ-ਨਾਲ ਮੀਂਹ ਅਤੇ ਝੱਖੜ ਕਾਰਨ ਸਬਜ਼ੀਆਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਗਵੰਤ ਮਾਨ ਸਰਕਾਰ ਨੂੰ ਸਪੈਸ਼ਲ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਮੁਹੱਈਆ ਕਰਵਾਉਣਾ ਚਾਹੀਦਾ ਹੈ।