ਪੱਤਰ ਪ੍ਰੇਰਕ
ਪਾਤੜਾਂ, 23 ਅਪਰੈਲ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ ਵਿੱਚ ਡੀਐੱਮਸੀ ਡਾ. ਸੰਜੀਲਾ ਖਾਨ ਤੇ ਐਸਐਮਓ ਸ਼ੁਤਰਾਣਾ ਡਾ. ਦਰਸ਼ਨ ਕੁਮਾਰ ਦੀ ਅਗਵਾਈ ਵਿੱਚ ਵਿਸ਼ਾਲ ਸਿਹਤ ਮੇਲਾ ਲਾਇਆ ਗਿਆ। ਇਸ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ ਜਦੋਂਕਿ ਮੁੱਖ ਮਹਿਮਾਨ ਵਜੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਸਮਾਜ ਸੇਵੀ ਸੰਸਥਾ ਸਾਂਝ ਗਲੋਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਸਵੈ ਇੱਛਤ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨਾਗਰਾ, ਡਾ. ਦਿਲਪ੍ਰੀਤ ਕੌਰ ਨੇ ਹਰ ਵਿਅਕਤੀ ਨੂੰ ਸਮੇਂ ਸਿਰ ਮੈਡੀਕਲ ਜਾਂਚ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਆਯੁਰਵੈਦਿਕ ਮਾਹਿਰ ਡਾ. ਪੂਨਮ ਨੇ ਬਿਮਾਰੀਆਂ ਤੋਂ ਪਹਿਲਾਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਨਾਲ ਨਾਲ ਯੋਗਾ ਕਰਨ ਤੇ ਮੌਸਮ ਮੁਤਾਬਕ ਆਹਾਰ ਅਤੇ ਵਿਹਾਰ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।