ਗੁਰਨਾਮ ਸਿੰਘ ਅਕੀਦਾ
ਪਟਿਆਲਾ 4 ਅਗਸਤ
ਇੱਥੇ ਡਾਕਟਰਾਂ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਪੱਖ ਵਿਚ ਆਵਾਜ਼ ਬੁਲੰਦ ਕੀਤੀ। ਬਾਕਾਇਦਾ ਪ੍ਰੈੱਸ ਕਾਨਫ਼ਰੰਸ ਕਰਦਿਆਂ ਡਾਕਟਰ ਪਰਵੀਨ ਪੁਰੀ ਸੇਵਾਮੁਕਤ ਸਹਾਇਕ ਸਿਵਲ ਸਰਜਨ ਪਟਿਆਲਾ, ਡਾਕਟਰ ਰਾਜਪਾਲ, ਡਾ. ਅਰਵਿੰਦ, ਡਾਕਟਰ ਪ੍ਰਦੀਪ ਅਰੋੜਾ ਤੇ ਡਾਕਟਰ ਹਰਦੀਪ ਸਿੰਘ ਨੇ ਕਿਹਾ ਕਿ ਚੇਤਨ ਸਿੰਘ ਜੌੜਾਮਾਜਰਾ ਨੇ ਕੋਈ ਗ਼ਲਤ ਨਹੀਂ ਕੀਤਾ, ਭਾਵੇਂ ਡਾ. ਰਾਜ ਬਹਾਦਰ ਪੇਸ਼ੇ ਵਜੋਂ ਚੰਗੇ ਡਾਕਟਰ ਹਨ ਪਰ ਹਸਪਤਾਲ ’ਚ ਪੁਖਤਾ ਪ੍ਰਬੰਧ ਕਰਨਾ ਵੀ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ।
ਡਾਕਟਰਾਂ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ, ਉਨ੍ਹਾਂ ਨੇ ਦੱਸਿਆ ਕਿ ਡਾ. ਰਾਜ ਬਹਾਦਰ ਵੀ ਇਕ ਇਮਾਨਦਾਰ ਛਵੀ ਦੇ ਇਨਸਾਨ ਹਨ ਅਤੇ ਇਸੇ ਤਰ੍ਹਾਂ ਚੇਤਨ ਸਿੰਘ ਜੋੜੇਮਾਜਰਾ ਵੀ ਨੇਕ ਇਮਾਨਦਾਰ ਮੰਤਰੀ ਹਨ। ਜਦੋਂ ਕਿ ਡਾਕਟਰ ਰਾਜ ਬਹਾਦਰ ਇੱਕ ਮਸ਼ਹੂਰ ਡਾਕਟਰ ਹਨ, ਉਨ੍ਹਾਂ ਨੇ ਆਪਣੇ ਕੰਮਾਂ ਕਰਕੇ ਨਾਮ ਕਮਾਇਆ ਹੈ ਅਤੇ ਮਿਹਨਤ ਕਰਕੇ ਡਾਕਟਰੀ ਕਿੱਤੇ ਵਿੱਚ ਨਾਂ ਖੱਟਿਆ ਹੈ, ਪਰ ਇਹ ਮੰਦਭਾਗੀ ਘਟਨਾ ਅਚਨਚੇਤ ਵਾਪਰੀ ਹੈ, ਇਸ ਮੰਤਰੀ ਨੇ ਕੋਈ ਜਾਣ-ਬੁੱਝ ਕੇ ਨਹੀਂ ਕੀਤੀ। ਡਾਕਟਰਾਂ ਨੇ ਜੌੜੇਮਾਜਰਾ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੌੜੇਮਾਜਰਾ ਹਸਪਤਾਲਾਂ ਦੀ ਦਸ਼ਾ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾਕਟਰਾਂ ਨੇ ਮੰਨਿਆ ਕਿ ਸਿਹਤ ਸੇਵਾਵਾਂ ਵਿੱਚ ਹਸਪਤਾਲਾਂ ਵਿੱਚ ਕਾਫ਼ੀ ਕਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਚੰਗੇ ਪ੍ਰਸ਼ਾਸਕ ਦੀ ਲੋੜ ਹੈ। ਉਨ੍ਹਾਂ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਇਸ ਘਟਨਾ ਨੂੰ ਲੋਕ ਨਿੱਜੀ ਸੁਆਰਥਾਂ ਲਈ ਹਵਾ ਦੇ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ਮੇਕਰ ਹਰਬੀਰ ਢੀਂਡਸਾ ਨੇ ਕਿਹਾ ਕਿ 75 ਸਾਲਾਂ ਤੋਂ ਸਿਸਟਮ ਵਿਚ ਪਸਰੀ ਹੋਈ ਗੰਦਗੀ ਨੂੰ ਠੀਕ ਕਰਨ ਲਈ ਸਖ਼ਤ ਕਦਮ ਚੁੱਕਣੇ ਪੈਣਗੇ। ਪੁਨੀਤ ਸਾਹਨੀ, ਭਗਵੰਤ ਸਿੰਘ ਨੇ ਕਿਹਾ ਕਿ ਹੁਣ ਇਹ ਲੋਕ ਅਸਤੀਫ਼ੇ ਦੇ ਕੇ ਮੰਤਰੀ ਨੂੰ ਡਰਾਉਣਾ ਚਾਹੁੰਦੇੇ ਹਨ।