ਪੱਤਰ ਪ੍ਰੇਰਕ
ਪਟਿਆਲਾ, 5 ਸਤੰਬਰ
ਰਾਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਜੰਗਲਾਤ ਕਾਮਿਆਂ ਦੇ ਡਾਕਟਰਾਂ ਵੱਲੋਂ ਕੀਤੇ ਅਪ੍ਰੇਸ਼ਨ ਸਬੰਧੀ ਮੁਲਾਜ਼ਮ ਆਗੂਆਂ ਨੇ ਸਰਜਨ ਡਾਕਟਰਾਂ ’ਤੇ ਅਣਗਹਿਲੀ ਦੇ ਦੋਸ਼ ਲਾਏ ਹਨ। ਡਾਕਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਡਾਕਟਰਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਰਾਜਿੰਦਰਾ ਹਸਪਤਾਲ ਨੂੰ ਘੇਰ ਕੇ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਡਾਕਟਰਾਂ ਨੇ ਇਹ ਦੋਸ਼ ਨਕਾਰੇ ਹਨ।
ਇਸ ਮੌਕੇ ਯੂਨੀਅਨ ਆਗੂ ਜਗਮੋਹਨ ਸਿੰਘ ਨੌਲੱਖਾ ਨੇ ਦੱਸਿਆ ਕਿ ਧਰਨੇ ’ਤੇ ਬੈਠੇ ਕਾਮਿਆਂ ’ਤੇ ਕਾਰ ਚੜ੍ਹਨ ਕਰਕੇ ਉਹ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਲਖਵਿੰਦਰ ਲੱਕੀ ਦੀ ਲੱਤ ਟੁੱਟਣ ਕਾਰਨ ਉਸ ਦਾ ਅਪ੍ਰੇਸ਼ਨ ਕੀਤਾ ਗਿਆ ਸੀ, ਪਹਿਲਾ ਅਪ੍ਰੇਸ਼ਨ 1-9-2022 ਨੂੰ ਹੋਇਆ ਸੀ ਪਰ ਅੱਜ ਫਿਰ ਦੁਬਾਰਾ ਅਪ੍ਰੇਸ਼ਨ ਕੀਤਾ ਗਿਆ ਜੋ ਪੰਜ ਘੰਟੇ ਚੱਲਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਵੀ ਪਤਾ ਲੱਗਿਆ ਹੈ ਕਿ ਉਸ ਦਿਨ ਪੰਜ ਅਪ੍ਰੇਸ਼ਨ ਕੀਤੇ ਗਏ ਸਨ ਤੇ ਸਾਰੇ ਅਪ੍ਰੇਸ਼ਨ ਖ਼ਰਾਬ ਹੋਣ ਕਾਰਨ ਦੁਬਾਰਾ ਕਰਨੇ ਪਏ।
ਉਨ੍ਹਾਂ ਜਾਂਚ ਦੀ ਮੰਗ ਕਰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਡਾਕਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਮਜ਼ਦੂਰ ਪ੍ਰੇਸ਼ਾਨ ਨਾ ਹੋਣ। ਇਸ ਸਮੇਂ ਮੁਲਾਜ਼ਮ ਆਗੂਆਂ ਵਿੱਚ ਤਰਲੋਚਨ ਮੰਡੋਲੀ, ਦਰਸ਼ਨ ਸਿੰਘ ਮੁਲੇਵਾਲ, ਤਰਲੋਚਨ ਮਾੜੂ, ਗੁਰਮੇਲ ਬੰਮਣਾ, ਨਛੱਤਰ ਲਾਛੜੂ, ਮੰਗਤ ਗਾਜੀਪੁਰ, ਜਸਵਿੰਦਰ ਮਲੇਵਾਲ, ਗੁਰਚਰਨ ਚੰਨੀ ਤੇ ਪਾਲਾ ਸਿੰਘ ਹਾਜ਼ਰ ਸਨ। ਦੂਜੇ ਪਾਸੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਐੱਚ ਐੱਸ ਰੇਖੀ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਡਾਕਟਰਾਂ ਵੱਲੋਂ ਹਰੇਕ ਅਪ੍ਰੇਸ਼ਨ ਠੀਕ ਹੋਵੇ, ਪਰ ਜੇਕਰ ਮਰੀਜ਼ ਦੀ ਲੱਤ ਵਿੱਚ ਕੋਈ ਨੁਕਸ ਆਇਆ ਹੋਵੇਗਾ ਤਾਂ ਡਾਕਟਰਾਂ ਨੇ ਪੰਜ ਘੰਟੇ ਲਾ ਕੇ ਦੁਬਾਰਾ ਅਪ੍ਰੇਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਡਾਕਟਰ ਅਣਗਹਿਲੀ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਉਹ ਫਿਰ ਵੀ ਮਾਮਲੇ ਦੀ ਜਾਂਚ ਕਰਵਾਉਣਗੇ ਤਾਂ ਕਿ ਪੂਰਾ ਪਤਾ ਲੱਗ ਸਕੇ।