ਪੱਤਰ ਪ੍ਰੇਰਕ
ਪਟਿਆਲਾ, 25 ਅਕਤੂਬਰ
ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ ਦੀਵਾਲੀ ਤੇ ਬੰਦੀ ਛੋੜ ਦਿਵਸ ਹਰ ਧਰਮ ਦੇ ਲੋਕਾਂ ਨੇ ਆਪਣੇ-ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਮਨਾਇਆ। ਧਾਰਮਿਕ ਸਥਾਨਾਂ ’ਤੇ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੱਥਾ ਟੇਕਿਆ। ਗੁਰਦੁਆਰਾ ਸਾਹਿਬਾਨ ਤੇ ਮੰਦਰਾਂ ਦੀਆਂ ਇਮਾਰਤਾਂ ਨੂੰ ਰੰਗ ਬਿਰੰਗੀਆਂ ਮਨਮੋਹਕ ਲਾਈਟਾਂ ਨਾਲ ਸਜਾਇਆ ਗਿਆ। ਸ਼ੁਕਰਾਨੇ ਦੀ ਅਰਦਾਸ ਤੇ ਪੂਜਾ ਤੋਂ ਬਾਅਦ ਖ਼ੁਸ਼ੀ ’ਚ ਪਟਾਕੇ ਵੀ ਚਲਾਏ ਗਏ। ਸ਼ਰਧਾਲੂਆਂ ਨੇ ਇੱਥੇ ਮੋਮਬਤੀਆਂ ਦੀਵੇ ਜਗਾ ਕੇ ਸ਼ਰਧਾ ਨਾਲ ਦੀਵਾਲੀ ਮਨਾਈ। ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਮਬਤੀਆਂ ਜਗਾਉਣ ਲਈ ਲੋਹੇ ਦੀਆਂ ਟਰੇਆਂ ਰੱਖੀਆਂ ਗਈਆਂ ਤਾਂ ਕਿ ਮੋਮਬਤੀਆਂ ਲਗਾਉਣ ਨਾਲ ਇਮਾਰਤ ਦਾ ਰੰਗ ਖ਼ਰਾਬ ਨਾ ਹੋਵੇ।
ਸਨੌਰੀ ਅੱਡਾ ਸਥਿਤ ਪ੍ਰਾਚੀਨ ਸ੍ਰੀ ਭੂਤਨਾਥ ਮੰਦਿਰ ਵਿਚ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰਧਾਨ ਵਰਿੰਦਰ ਖੰਨਾ ਦੀ ਅਗਵਾਈ ਹੇਠ 2100 ਦੀਵੇ ਜਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।
ਰਾਜਪੁਰਾ (ਪੱਤਰ ਪ੍ਰੇਰਕ): ਇੱਥੋਂ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ‘ਬੰਦੀ ਛੋੜ ਦਿਵਸ’ ਤੇ ਦੀਵਾਲੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨਸ਼ਹਿਰੀ ਖੇਤਰ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ, ਸੁਖਮਨੀ ਸੇਵਾ ਸੁਸਾਇਟੀ, ਕੇਂਦਰੀ ਸਿੰਘ ਸਭਾ ਟਾਊਨ, ਡਾਲੀਮਾ ਵਿਹਾਰ, ਸ਼ਹੀਦ ਭਾਈ ਸੁੱਖਾ ਸਿੰਘ ਨੀਲਪੁਰ, ਗੁਰਦੁਆਰਾ ਜੋਤਿ ਸਰੂਪ ਫੋਕਲ ਪੁਆਇੰਟ, ਗੁਰਦੁਆਰਾ ਸਿੰਘ ਸਭਾ ਗੁਲਾਬ ਨਗਰ ਤੋਂ ਇਲਾਵਾ ਦਿਹਾਤੀ ਖੇਤਰ ਦੇ ਪਿਲਖਣੀ, ਢੰਕਾਨਸੂ ਤੇ ਸੈਦਖੇੜੀ ਸਮੇਤ ਹੋਰਨਾਂ ਦੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਬੰਦੀ ਛੋੜ ਦਿਵਸ ਸਬੰਧੀ ਕਥਾ ਕੀਰਤਨ ਦਰਬਾਰ ਸਜਾਏ ਗਏ।
ਘਨੌਰ (ਪੱਤਰ ਪ੍ਰੇਰਕ): ਇਸ ਖੇਤਰ ਦੇ ਕਸਬਾ ਘਨੌਰ, ਸ਼ੰਭੂ ਅੱਡਾ, ਮੰਡੌਲੀ ਅਤੇ ਮਰਦਾਂਪੁਰ ਸਮੇਤ ਹੋਰਨਾਂ ਪਿੰਡਾਂ ਦੀਆਂ ਦੁਕਾਨਾਂ ਤੋਂ ਮਠਿਆਈ ਸਮੇਤ ਹੋਰਨਾਂ ਵਸਤਾਂ ਦੀਆਂ ਦੁਕਾਨਾਂ ਤੋਂ ਖੂਬ ਖਰੀਦਦਾਰੀ ਕਰਨ ਨੂੰ ਤਰਜੀਹ ਦਿੱਤੀ। ਰਾਤ ਸਮੇਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲੋਕਾਂ ਵੱਲੋਂ ਆਤਿਸ਼ਬਾਜ਼ੀ ਘੱਟ ਕੀਤੀ ਗਈ
ਦੇਵੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਸਮੇਂ ਬੱਚਿਆਂ ਨੇ ਦੀਵਾਲੀ ਦੇ ਤਿਉਹਾਰ ਸਬੰਧੀ ਗੀਤ ਵਿਚਾਰਾਂ ਅਤੇ ਰੰਗੋਲੀ ਤਿਆਰ ਕੀਤੀ। ਸਕੂਲ ਇੰਚਾਰਜ ਹਰਪ੍ਰੀਤ ਉੱਪਲ ਨੇ ਦੱਸਿਆ ਕਿ ਸਤਵਿੰਦਰ ਕੌਰ, ਕਰਮਜੀਤ ਕੌਰ ਦੁਆਰਾ ਬਹੁਤ ਹੀ ਵਧੀਆ ਰੰਗੋਲੀ ਤਿਆਰ ਕੀਤੀ ਗਈ ਹੈ। ਇਸ ਦੌਰਾਨ ਅਪੋਲੋ ਪਬਲਿਕ ਸਕੂਲ ਦੇਵੀਗੜ੍ਹ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਨੀਲਮਾ ਦਿਕਸ਼ਤ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਦਸਦੇ ਹੋਏ ਵਧਾਈ ਦਿੱਤੀ।
ਡਕਾਲਾ (ਪੱਤਰ ਪ੍ਰੇਰਕ): ਇਲਾਕੇ ਅੰਦਰ ਦਿਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ| ਇਸ ਦੌਰਾਨ ਲੋਕਾਂ ਵੱਲੋਂ ਘਰਾਂ ਵਿੱਚ ਦੀਪਮਾਲਾ ਕੀਤੀ ਗਈ।