ਮਾਨਵਜੋਤ ਭਿੰਡਰ
ਡਕਾਲਾ, 7 ਜਨਵਰੀ
ਪਿੰਡ ਪੰਜੋਲਾ ਵਿਚ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਰੈਲੀ ਦੌਰਾਨ ਮੁੱਖ ਮਾਰਗ ’ਤੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕਣਾ ਤੇ ਸੁਰੱਖਿਆ ਦੀ ਢਿੱਲ ਦਾ ਮੁੱਦਾ ਬਣਾ ਕੇ ਕੇਂਦਰ ਸਰਕਾਰ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਫ਼ਿਰਾਕ ਵਿਚ ਹੈ। ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿਚ ਰੈਲੀ ਕਰ ਕੇ ਸੂਬੇ ਦੇ ਲੋਕਾਂ ਨੂੰ ਲੌਲੀਪੌਪ ਦੇਣਾ ਚਾਹੁੰਦੇ ਸਨ ਤਾਂ ਕਿ ਭਾਜਪਾ ਨੂੰ ਮੁੜ ਸੂਬੇ ਵਿਚ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ ਫਲਾਪ ਹੋਣ ਦਾ ਠੀਕਰਾ ਪੰਜਾਬ ਸਰਕਾਰ ਤੇ ਕਿਸਾਨਾਂ ਸਿਰ ਭੰਨ੍ਹਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਭਾਜਪਾ ਖ਼ਿਲਾਫ਼ ਲੜਾਈ ਜਾਰੀ ਰਹੇਗੀ ਤੇ ਪਾਰਟੀ ਦਾ ਵਿਰੋਧ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਆਗੂ ਤੇ ਹੋਰ ਕਿਸਾਨ ਦਿੱਲੀ ਮੋਰਚੇ ਦੀ ਫ਼ਤਹਿ ਲਈ ਸ਼ੁਕਾਰਨੇ ਦੇ ਤੌਰ ’ਤੇ ਪਿੰਡ ਪੰਜੋਲਾ ਵਿਚ ਕਰਵਾਏ ਸਮਾਗਮ ਦੌਰਾਨ ਇਕੱਤਰ ਹੋਏ ਸਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ, ਜਰਨੈਲ ਸਿੰਘ ਪੰਜੋਲਾ, ਨਿਸ਼ਾਨ ਸਿੰਘ ਧਰਮੇਹੜੀ ਤੇ ਸਤਪਾਲ ਸਿੰਘ ਪੁਨੀਆ ਆਦਿ ਹਾਜ਼ਰ ਸਨ।