ਬਹਾਦਰ ਸਿੰਘ ਮਰਦਾਂਪੁਰ
ਘਨੌਰ, 11 ਜੁਲਾਈ
ਇਸ ਖੇਤਰ ਦੇ ਵੱਖ ਵੱਖ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਵਿੱਚ ਪਏ ਡੂੰਘੇ ਟੋਏ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ।
ਹਲਕਾ ਘਨੌਰ ਨੂੰ ਜ਼ਿਲ੍ਹਾ ਅੰਬਾਲਾ ਨਾਲ ਜੋੜਨ ਵਾਲੀ ਘਨੌਰ ਵਾਇਆ ਸਰਾਲਾ, ਇਸਮੈਲਪੁਰ (ਜ਼ਿਲ੍ਹਾ ਅੰਬਾਲਾ) ਸੜਕ ਵਿੱਚ ਪਏ ਫੁੱਟ-ਫੁੱਟ ਡੂੰਘੇ ਟੋਏ ਥੋੜ੍ਹਾ ਜਿਹਾ ਮੀਹ ਪੈਣ ਨਾਲ ਹੀ ਛੱਪੜ ਦਾ ਰੂਪ ਧਾਰ ਜਾਂਦੇ ਹਨ। ਇਸ ਸੜਕ ’ਤੇ ਦੋਪਹੀਆ ਵਾਹਨ ਚਾਲਕਾਂ ਲਈ ਲੰਘਣਾ ਔਖਾ ਹੋ ਗਿਆ ਹੈ ਜਦੋਂ ਕਿ ਚਾਰਪਹੀਆ ਵਾਹਨ ਵੀ ਮੁਸ਼ਕਲ ਨਾਲ ਹੀ ਲੰਘਦੇ ਹਨ। ਨਰਵਾਣਾ ਨਹਿਰ ਦੀ ਪੱਟੜੀ ’ਤੇ ਬਣੀ ਇਸ ਸੜਕ ਵਿੱਚ ਪਏ ਟੋਇਆਂ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।ਇਸੇ ਤਰ੍ਹਾਂ ਸ਼ੰਭੂ-ਘਨੌਰ ਰੋਡ ’ਤੇ ਸਥਿਤ ਪਿੰਡ ਪਿੱਪਲ ਮੰਗੌਲੀ ਤੋਂ ਊਂਟਸਰ ਵਾਇਆ ਰਾਏਪੁਰ-ਨਨਹੇੜੀ ਅਤੇ ਪਿੱਪਲ ਮੰਗੌਲੀ ਤੋਂ ਸਨੌਲੀਆਂ ਸਮੇਤ ਹੋਰਨਾਂ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਰਾਹਗੀਰਾਂ ਲਈ ਪ੍ਰੇਸ਼ਾਨੀ ਬਣੀਆਂ ਹੋਈਆ ਹਨ। ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਖੇਤ ਮਜ਼ਦੂਰ ਆਗੂ ਡਾ. ਵਿਜੇਪਾਲ ਘਨੌਰ, ਸਾਬਕਾ ਸਰਪੰਚ ਮਨਜੀਤ ਸਿੰਘ ਪਿੱਪਲ ਮੰਗੌਲੀ ਅਤੇ ਸੁਖਜੀਤ ਸਿੰਘ ਬਘੌਰਾ ਸਮੇਤ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਇਸ ਸਬੰਧੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਰਾਲਾ ਕਲਾਂ-ਇਸਮੈਲਪੁਰ ਸੜਕ ਦਾ ਟੈਂਡਰ ਹੋ ਚੁੱਕਿਆ ਹੈ ਜਿਸ ਦੀ ਮੁਰੰਮਤ ਜਲਦੀ ਹੋ ਜਾਵੇਗੀ। ਹੋਰਨਾਂ ਸੜਕਾਂ ਦੀ ਮੁਰੰਮਤ ਲਈ ਐਸਟੀਮੇਟ ਬਣਾ ਕੇ ਭੇਜਿਆ ਜਾਵੇਗਾ।