ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਜਨਵਰੀ
ਪੰਜਾਬ ’ਚ ਬਰਡ ਫਲੂ ਦੀ ਪੁਸ਼ਟੀ ਮਗਰੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਦਾ ਪ੍ਰਸ਼ਾਸਨ ਵੀ ਹੋਰ ਵਧੇਰੇ ਚੌਕਸ ਹੋ ਗਿਆ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਬਰਡ ਫਲੂ ਦੇ ਮੱਦੇਨਜ਼ਰ ਜ਼ਿਲ੍ਹਾ ਪੱੱਧਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਰੋਜ਼ਾਨਾ ਰਿਪੋਰਟ ਦੇਣ ਲਈ ਪਾਬੰਦ ਵੀ ਕੀਤਾ ਹੈ। ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਲਏ ਜਾਂਦੇ ਮਾਸਕ ਨਮੂਨਿਆਂ ’ਚ ਅਜੇ ਤੱਕ ਪਟਿਆਲਾ ਜ਼ਿਲ੍ਹੇ ’ਚ ਬਰਡ ਫਲੂ ਦਾ ਕੋਈ ਵੀ ਕੇਸ ਨਹੀਂ ਮਿਲਿਆ। ਉਨ੍ਹਾਂ ਨੇ ਇਹ ਅਪੀਲ ਵੀ ਕੀਤੀ ਕਿ ਲੋਕ ਕਬੂਤਰ, ਕਾਂ, ਹੰਸ, ਤੋਤਿਆਂ ਤੇ ਮੁਰਗੀਆਂ ਤੋਂ ਦੂਰੀ ਬਣਾ ਕੇ ਰੱਖਣ। ਅਜਿਹੇ ਪੰਛੀਆਂ ਦੇ ਅਚਾਨਕ ਮਰਨ ਦੀ ਸੂਚਨਾ ਤੁਰੰਤ ਪਸ਼ੂ ਪਾਲਣ ਵਿਭਾਗ ਨੂੰ ਦਿੱਤੀ ਜਾਵੇ। ਮੀਟਿੰਗ ’ਚ ਮੌਜੂਦ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਬਰਡ ਫ਼ਲੂ ਤੋਂ ਮਨੁੱਖੀ ਜਾਨਾਂ ਨੂੰ ਖ਼ਤਰੇ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਅਗਾਊਂ ਪ੍ਰਬੰਧਾਂ ਸਮੇਤ ਟੈਸਟਿੰਗ ਲਈ ਨਮੂਨੇ ਲੈਣ ਦਾ ਪ੍ਰਬੰਧ ਵੀ ਕੀਤੇ ਜਾਣ।
ਬਰਡ ਫਲੂ ਦੇ ਲੱਛਣ
ਇਸੇ ਦੌਰਾਨ ਵੈਟਰਨਰੀ ਅਫਸਰ ਜੀਵਨ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਪੰਛੀਆਂ ਦੇ ਹੁਣ ਤੱਕ ਲਏ ਗਏ ਸਮੂਹ ਨਮੂਨਿਆਂ ਦੀ ਖੇਤਰੀ ਬਿਮਾਰੀ ਖੋਜ ਲੈਬਾਰਟਰੀ ਜਲੰਧਰ ਤੋਂ ਕਰਵਾਈ ਗਈ ਜਾਂਚ ਦੀ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਦੱੱਸਿਆ ਕਿ ਬਰਡ ਫ਼ਲੂ ਦੇ ਮੁੱਢਲੇ ਲੱਛਣਾਂ ਵਿੱਚ ਪੰਛੀ ਦੀ ਕਲਗੀ ਦਾ ਰੰਗ ਨੀਲਾ ਹੋ ਕੇ ਉਸ ਵਿੱਚੋਂ ਲਹੂ ਰਿਸਣਾ, ਲੱਤਾਂ ’ਤੇ ਲਹੂ ਦੇ ਛੋਟੇ-ਛੋਟੇ ਧੱਬੇ ਪੈਣਾ, ਅੱਖਾਂ ਦੇ ਆਲੇ ਦੁਆਲੇ ਧੱਬੇ ਨਜ਼ਰ ਆਉਣਾ ਤੇ ਨੱਕ/ਚੁੰਝ ਵਿੱਚੋਂ ਪਾਣੀ ਆਉਣਾ ਆਦਿ ਲੱਛਣ ਸ਼ਾਮਲ ਹਨ।