ਪੱਤਰ ਪ੍ਰੇਰਕ
ਰਾਜਪੁਰਾ, 26 ਮਈ
ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਤਰਸੇਮ ਮੰਗਲਾ ਨੇ ਅੱਜ ਇਥੋਂ ਦੇ ਐਸ.ਓ.ਐਸ ਬਾਲ ਪਿੰਡ ਅਤੇ ਚਿਲਡਰਨ ਹੋਮ ਦਾ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਚੀਫ ਜੁਡੀਸ਼ਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਸ਼ਮਾ ਦੇਵੀ ਵੀ ਮੌਜੂਦ ਸਨ। ਨਿਰੀਖਣ ਦੌਰਾਨ ਜਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ ਨੇ ਚਿਲਡਰਨ ਹੋਮ ਵਿੱਚ ਰਹਿ ਰਹੇ ਬੱਚਿਆਂ ਪਾਸੋਂ ਉਹਨਾਂ ਦੇ ਰਹਿਣ ਸਹਿਣ, ਪੜ੍ਹਾਈ ਅਤੇ ਕਿਸੇ ਵੀ ਮੁਸ਼ਕਲ ਸਬੰਧੀ ਗੱਲਬਾਤ ਕੀਤੀ। ਸ੍ਰੀ ਮੰਗਲਾ ਨੇ ਪ੍ਰਬੰਧਕਾਂ ਨੂੰ ਬੱਚਿਆਂ ਦੀ ਸਿਹਤ ਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਦਿੱਤੀ ਜਾਵੇ।