ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 25 ਅਗਸਤ
ਇਥੋਂ ਦੇ ਦਿਆਲ ਪੈਲੇਸ ਵਿੱਚ ਬਲਾਕ ਸਮਿਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ , ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਜਪੁਰਾ ਕੇ.ਪੀ ਸਿੰਘ ਦੀ ਸਾਂਝੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੰਜਾਬ ਸਰਕਾਰ ਦੁਆਰਾ ਆਰੰਭੀ ਗਈ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਰਾਹਤ ਸਕੀਮ ਤਹਿਤ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਸਹਿਕਾਰੀ ਸਭਾਵਾਂ ਦੇ ਕਰੀਬ 2500 ਮੈਂਬਰਾਂ ਨੂੰ 6.12 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਸਕੀਮ ਨਾਲ ਕਰਜ਼ਾ ਮੋੜਨ ਤੋਂ ਅਸਮਰਥ ਹਜ਼ਾਰਾਂ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਸਕੀਮ ਦਾ ਲਾਭ ਲੈਣ ਵਾਲੇ ਕਿਸਾਨ ਮਜ਼ਦੂਰ ਨਵੇਂ ਸਿਰਿਓ ਕਰਜ਼ਾ ਪ੍ਰਾਪਤ ਕਰ ਸਕਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਜ਼ਿਲ੍ਹਾ ਪਰਿਸ਼ਦ ਮੈਂਬਰ ਨੈਬ ਸਿੰਘ ਮਨੌਲੀ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ, ਬੂਟਾ ਸਿੰਘ ਪਿਲਖਣੀ, ਕੌਂਸਲਰ ਜਗਨੰਦਨ ਗੁਪਤਾ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰ ਮੌਜੂਦ ਸਨ।
ਜਲਾਲਪੁਰ ਨੇ 560 ਕਿਸਾਨ-ਮਜ਼ਦੂਰਾਂ ਨੂੰ ਰਾਹਤ ਸਰਟੀਫਿਕੇਟ ਵੰਡੇ
ਘਨੌਰ (ਪੱਤਰ ਪ੍ਰੇਰਕ): ਕੋਆਪਰੇਟਿਵ ਸੁਸਾਇਟੀ ਚੱਪੜ ਅਤੇ ਜਰੀਕਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਆਰੰਭੀ ਗਈ ਕਰਜ਼ਾ ਰਾਹਤ ਸਕੀਮ ਤਹਿਤ ਜਗਦੀਪ ਸਿੰਘ ਡਿੰਪਲ, ਹਰਵਿੰਦਰ ਸ਼ਰਮਾ ਅਤੇ ਮਨਜੀਤ ਸਿੰਘ ਚੱਪੜ ਦੀ ਅਗਵਾਈ ਵਿੱਚ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੋਵੇਂ ਕੇਆਪਰੇਟਿਵ ਸੁਸਾਇਟੀਆਂ ਨਾਲ ਸਬੰਧਤ 560 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰੀਬ 70 ਲੱਖ ਰੁਪਏ ਦੀ ਕਰਜ਼ਾ ਰਾਹਤ ਦੇ ਸਰਟੀਫਿਕੇਟ ਤਕਸੀਮ ਕੀਤੇ। ਇਨ੍ਹਾਂ ਵਿੱਚ ਕੋਆਪਰੇਟਿਵ ਸੁਸਾਇਟੀ ਚੱਪੜ ਦੇ 416 ਮੈਂਬਰਾਂ ਦਾ 53 ਲੱਖ 33 ਹਜ਼ਾਰ ਅਤੇ ਜਰੀਕਪੁਰ ਸੁਸਾਇਟੀ 144 ਮੈਂਬਰਾਂ ਦਾ 15 ਲੱਖ 99 ਹਜ਼ਾਰ ਰੁਪਏ ਕਰਜ਼ਾ ਮੁਆਫ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਨੂੰ ਪਹਿਲ ਦਿੰਦੀ ਹੈ।