ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੁਲਾਈ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਏਡੀਸੀ ਈਸ਼ਾ ਸਿੰਘਲ ਵੱਲੋਂ ਅੱਜ ਸਵੈ ਸਹਾਇਤਾ ਸਮੂਹਾਂ ਲਈ ਇੱਕ ਕਰਜ਼ਾ ਮੇਲਾ ਅਤੇ ਯਕ-ਮੁਸ਼ਤ ਸਮਝੌਤਾ ਮੇਲਾ ਇੱਥੇ ਬਹਾਵਲਪੁਰ ਪੈਲੇਸ ਵਿੱਚ ਕਰਵਾਇਆ ਗਿਆ। ਇਸ ਮੌਕੇ 106 ਸਵੈ ਸਹਾਇਤਾ ਸਮੂਹਾਂ ਨੂੰ 1.75 ਕਰੋੜ ਦੇ ਕਰਜ਼ੇ ਵੰਡੇ ਗਏ, ਜਦਕਿ 45 ਮਾਮਲਿਆਂ ’ਚ ਇੱਕ ਕਰੋੜ ਦੀ ਬਕਾਇਆ ਰਾਸ਼ੀ ਦੇ ਯਕ-ਮੁਸ਼ਤ ਸਮਝੌਤੇ ਕਰਵਾਏ ਗਏ। ਡੀਸੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਹੋਰਨਾਂ ਮਹਿਲਾਵਾਂ ਲਈ ਵੀ ਰੋਲ ਮਾਡਲ ਤੇ ਪ੍ਰੇਰਣਾ ਸ੍ਰੋਤ ਬਣ ਕੇ ਸਾਹਮਣੇ ਆਈਆਂ ਹਨ। ਇਹ ਮਹਿਲਾਵਾਂ ਆਮਦਨ ’ਚ ਵਾਧਾ ਕਰਕੇ ਜਿੱਥੇ ਆਪਣਾ ਜੀਵਨ ਪੱਧਰ ਉਚਾ ਚੁੱਕ ਰਹੀਆਂ ਹਨ ਉਥੇ ਹੀ ਸਮਾਜ ’ਚ ਵੀ ਸਨਮਾਨਯੋਗ ਥਾਂ ਹਾਸਲ ਕਰ ਰਹੀਆਂ ਹਨ। ਇਸ ਮੌਕੇ ਗੁਰੂ ਤੇਗ ਬਹਾਦਰ ਨਾਰੀ ਸ਼ਕਤੀ ਸਵੈ ਸਹਾਇਤਾ ਸਮੂਹ ਦੀ ਮੈਂਬਰ ਉਰਮਿਲ ਕੌਰ ਲਲੀਨਾ ਨੇ ਦੱਸਿਆ ਕਿ ਉਸ ਨੇ ਇੱਕ ਲੱਖ ਰੁਪਏ ਦੇ ਕਰਜ਼ੇ ਨਾਲ ਸਬਜ਼ੀਆਂ ਦੀ ਕਾਸ਼ਤ ਕਰ ਕੇ ਪਹਿਲੇ ਸਾਲ ਹੀ 7 ਲੱਖ ਰੁਪਏ ਦੀ ਆਮਦਨ ਕਮਾਈ। ਬੈਂਕ ਸਖੀ ਕਰਮਜੀਤ ਕੌਰ ਨਲਾਸ ਖੁਰਦ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਬਦਲ ਗਈ ਹੈ।