ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੂਨ
ਮੈਂਬਰ ਲੋਕ ਸਭਾ ਪਰਨੀਤ ਕੌਰ ਨੇ ਅੱਜ ਇੱਥੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਸਵੈ ਸਹਾਇਤਾ ਸਮੂਹਾਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਕਿੱਤਾਮੁਖੀ ਸਿੱਖਿਆ ਹਾਸਲ 111 ਮੈਂਬਰਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਟੂਲ ਕਿੱਟਾਂ ਵੰਡਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਇਹ ਪਹਿਲਕਦਮੀ ਕੀਤੀ ਗਈ ਹੈ। ਜ਼ਿਲ੍ਹੇ ਅੰਦਰ 3200 ਸਵੈ ਸਹਾਇਤਾ ਸਮੂਹ ਹਨ ਜਿਨ੍ਹਾਂ ਰਾਹੀਂ ਪੇਂਡੂ ਔਰਤਾਂ ਦੇ ਜੀਵਨ-ਪੱਧਰ ਨੂੰ ਖੁਸ਼ਹਾਲੀ ਵੱਲ ਤੋਰਿਆ ਗਿਆ ਹੈ। ਪ੍ਰਨੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕਿੱਟਾਂ ’ਚ ਖੇਤੀਬਾੜੀ ਨਾਲ ਸਬੰਧਤ ਸਪਰੇਅ ਪੰਪ, ਪੰਕਚਰ ਲਗਾਉਣ ਲਈ ਟੂਲ ਕਿੱਟ ਤੇ ਹਵਾ ਭਰਨ ਲਈ ਏਅਰ ਕੰਪਰੈਸ਼ਰ, ਸਿਲਾਈ ਤੇ ਕਢਾਈ ਮਸ਼ੀਨਾਂ, ਇਲੈਕਟ੍ਰੀਸ਼ਨ ਕਿੱਟ, ਕਾਰ ਏ.ਸੀ. ਵਾਸ਼ਰ, ਨਿਟਿੰਗ ਤੇ ਕ੍ਰੋਸ਼ੀਆ, ਫਾਸਟ ਫੂਡ ਓਵਨ, ਬਿਊਟੀ ਪਾਰਲਰ ਕਿਟ, ਜੂਸਰ ਮਿਕਸਰ, ਕ੍ਰਿਸ਼ੀ ਸਖੀ ਲਈ ਗਾਰਡਿੰਗ ਕਿਟ ਅਤੇ ਘਾਹ ਕੱਟਣ ਵਾਲੀ ਮਸ਼ੀਨ ਆਦਿ ਸ਼ਾਮਲ ਹੈ। ਇਸ ਮੌਕੇ ਬੀਬਾ ਜੈਇੰਦਰ ਕੌਰ, ਰਾਜ ਸੂਚਨਾ ਕਮਿਸ਼ਨਰ ਹਨੀ ਸੇਖੋਂ, ਮੁੱਖ ਮੰਤਰੀ ਦੇ ਉੱਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਏਡੀਸੀ ਪੂਜਾ ਸਿਆਲ ਗਰੇਵਾਲ ਮੌਜੂਦ ਸਨ।
ਸੈਨੇਟਾਈਜ਼ ਕਰਵਾਉਣ ਲਈ ਪਰਵਾਸੀਆਂ ਵੱਲੋਂ ਸਹਿਯੋਗ
ਪਟਿਆਲਾ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਜੌਹਲ ਫਾਰਮ ਘੁੜਕਾ (ਗੋਰਾਇਆ) ਵੱਲੋਂ ਮੁਹੱਈਆ ਕਰਵਾਏ ਗਏ 7500 ਲਿਟਰ ਦੀ ਸਮਰੱਥਾ ਵਾਲੇ ਵਿਸ਼ੇਸ਼ ਟਰੈਕਟਰ ਸਪਰੇਅ ਟੈਂਕਰ ਨੂੰ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਰਵਾਨਾ ਕੀਤਾ। ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ। ਕਰੋਨਾ ਮਹਾਂਮਾਰੀ ਦੌਰਾਨ ਸ਼ਹਿਰਾਂ ਤੇ ਪਿੰਡਾਂ ਨੂੰ ਰੋਗਾਣੂ ਮੁਕਤ ਕਰਨ ਲਈ ਸਰਕਾਰ ਵੱਲੋਂ ਆਰੰਭੀ ਮੁਹਿੰਮ ਦੌਰਾਨ ਸਹਿਯੋਗ ਦੇਣ ਲਈ ਪ੍ਰਨੀਤ ਕੌਰ ਨੇ ਸਮਾਜ ਸੇਵੀ ਤੇ ਓਵਰਸੀਜ਼ ਕਾਂਗਰਸ ਦੇ ਯੂਰੋਪ ਕਨਵੀਨਰ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ ਅਤੇ ਪਿੰਦੂ ਜੌਹਲ ਯੂ.ਕੇ.ਦਾ ਧੰਨਵਾਦ ਕੀਤਾ।