ਰਵੇਲ ਸਿੰਘ ਭਿੰਡਰ
ਪਟਿਆਲਾ, 9 ਮਾਰਚ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਕਰਨਲ ਹਰਪਰਤਾਪ ਸਿੰਘ ਮੈਮੋਰੀਅਲ ਲੈਕਚਰ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਪਰਮਵੀਰ ਸਿੰਘ ਨੇ ਸਰੋਤਿਆਂ ਦਾ ਸਵਗਤ ਕਰਦੇ ਹੋਏ ਦੱਸਿਆ ਕਿ ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਭਾਰਤੀ ਫੌਜ ਦੀ ਸੇਵਾ ਕਰਦੇ ਹੋਏ ਜੂਨ 1995 ਵਿਚ ਕਸ਼ਮੀਰ ’ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸੁਧਾਰ ਲਹਿਰ ਅਤੇ ਕ੍ਰਿਪਾਨ ਮੋਰਚੇ ਸਮੇਂ ਸਿੱਖੀ ਦੀ ਸੇਵਾ ਕੀਤੀ ਸੀ। ‘ਉਨਾਂ ਦੱਸਿਆ ਕਿ ਇਹ ਭਾਸ਼ਣ ‘ਸਿੱਖ ਪਛਾਣ: ਮਹੱਤਵ ਅਤੇ ਪ੍ਰਸੰਗਿਕਤਾ‘ ਵਿਸ਼ੇ ‘ਤੇ ਕਰਵਾਇਆ ਜਾ ਰਿਹਾ ਹੈ। ਮੁੱਖ ਭਾਸ਼ਣ ਵਿਚ ਡਾ. ਸਵਰਾਜ ਸਿੰਘ ਨੇ ਕਿਹਾ ਕਿ ਸਿੱਖ ਪਛਾਣ ਸਿੱਖ ਧਰਮ ਦੀ ਵਿਚਾਰਧਾਰਾ ਵਿੱਚੋਂ ਪ੍ਰਗਟ ਹੁੰਦੀ ਹੈ ਜਿਸ ਵਿਚ ਰੰਗ, ਰੂਪ, ਨਸਲ, ਭੇਦਭਾਵ ਨੂੰ ਕੋਈ ਸਥਾਨ ਨਹੀਂ ਹੈ। ਗੁਰਮਤਿ ਵਿਚਾਰਧਾਰਾ ਤੋਂ ਦੂਰ ਰਹਿਣਾ ਹੀ ਸਿੱਖੀ ਪਛਾਣ ਨੂੰ ਵੱਡਾ ਖਤਰਾ ਹੈ। ਭਾਸ਼ਣ ਦੌਰਾਨ ਡਾ. ਕੇਹਰ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤ ਅਤੇ ਸਿੱਖ ਸਰੂਪ ਦੋਵੇਂ ਹੀ ਲਾਜ਼ਮੀ ਹਨ। ਇਸ ਮੌਕੇ ਡਾ. ਪਰਮਵੀਰ ਸਿੰਘ ਦੀਆਂ ਦੋ ਪੁਸਤਕਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮ ਅਤੇ ‘ਪ੍ਰੋ. ਹਰਬੰਸ ਸਿੰਘ : ਏ ਲੀਜੈਂਡ‘ ਰਿਲੀਜ਼ ਕੀਤੀਆਂ ਗਈਆਂ। ਪ੍ਰੋਗਰਾਮ ‘ਚ ਡਾ. ਮੁਹੰਮਦ ਹਬੀਬ, ਡਾ. ਦਲਜੀਤ ਸਿੰਘ, ਡਾ. ਕੰਵਲਜੀਤ ਸਿੰਘ ਅਤੇ ਡਾ. ਇੰਦਰਾ ਬਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜਸਪ੍ਰੀਤ ਕੌਰ ਸੰਧੂ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।