ਪੱਤਰ ਪ੍ਰੇਰਕ
ਡਕਾਲਾ, 17 ਮਈ
ਕਰਹਾਲੀ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਪਸ਼ਚਾਤਾਪ ਵਜੋਂ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਆਖੰਡ ਪਾਠ ਆਰੰਭ ਕਰਵਾਏ ਗਏ। ਉਧਰ ਬੇਅਦਬੀ ਸਬੰਧੀ ਹਾਲੇ ਪੁਲੀਸ ਦੇ ਹੱਥ ਕੋਈ ਅਹਿਮ ਸੁਰਾਗ ਨਹੀਂ ਲੱਗਾ। ਉਂਝ ਪੁਲੀਸ ਪ੍ਰਸ਼ਾਸਨ ਮਾਮਲੇ ਸਬੰਧੀ ਮੁਸਤੈਦੀ ਨਾਲ ਜਾਂਚ ਪੜਤਾਲ ‘ਚ ਲੱਗੀ ਹੋਈ ਹੈ।
ਦੱਸਣਯੋਗ ਹੈ ਕਿ ਲੰਘੇ ਕੱਲ ਕਰਹਾਲੀ ਸਾਹਿਬ ਵਿਖੇ ਸੂਏ ਦੇ ਇੱਕ ਪੁਲ ਹੇਠੋਂ ਗੁਟਕਾ ਸਾਹਿਬ ਦੇ ਪੱਤਰੇ, ਜਿਲਦਾਂ ਤੇ ਧਾਰਮਿਕ ਕਕਾਰ ਬੇਵਾਰਿਸ ਹਾਲਤ ’ਚ ਮਿਲੇ ਸਨ। ਘਟਨਾ ਮਗਰੋਂ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਨਿਵਾਸੀਆਂ ਤੇ ਇਲਾਕੇ ਦੇ ਸਾਹਿਯੋਗ ਨਾਲ ਪਸ਼ਤਾਚਾਪ ਵਜੋਂ ਆਖੰਡ ਪਾਠ ਆਰੰਭ ਕਰਵਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਸ਼ਾਮਲ ਰਹੀਆਂ। ਉਧਰ ਪੁਲੀਸ ਮਾਹਿਰਾਂ ਦੀ ਟੀਮ ਵੱਲੋਂ ਬਰਾਮਦ ਹੋਏ ਕਕਾਰਾਂ ਤੇ ਪੱਤਰਿਆਂ ’ਤੇ ਮੌਜੂਦ ਫਿੰਗਰ ਪ੍ਰਿੰਟ ਵੀ ਲਏ ਹਨ ਤਾਂ ਕਿ ਦੋਸ਼ੀਆਂ ਤੱਕ ਅੱਪੜਿਆ ਜਾ ਸਕੇ। ਸਬੰਧਿਤ ਰਾਮ ਨਗਰ ਚੌਕੀ ਦੇ ਇੰਚਾਰਜ ਏਐਸਆਈ ਜੈਦੀਪ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੁੰਘਾਲੇ ਜਾ ਰਹੇ ਹਨ। ਲੋਕਾਂ ਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਬਿਨ੍ਹਾਂ ਦੇਰੀ ਦੋਸ਼ੀਆਂ ਨੂੰ ਫੜ ਕੇ ਸਾਰੇ ਮਾਮਲੇ ਨੂੰ ਸੰਗਤ ਦੇ ਸਾਹਮਣੇ ਰੱਖਿਆ ਜਾਵੇ।
ਅਕਾਲੀ ਦਲ ਸੁਤੰਤਰ ਵੱਲੋਂ ਘਟਨਾ ਸਥਾਨ ਦਾ ਦੌਰਾ
ਸ਼੍ਰੋਮਣੀ ਅਕਾਲੀ ਦਲ ‘ਸੁਤੰਤਰ’ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਤੇ ਬਾਬਾ ਨਛੱਤਰ ਸਿੰਘ ਭੈਣੀ ਸਾਹਿਬ ਵੱਲੋਂ ਬੇਅਦਬੀ ਨਾਲ ਜੁੜੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਆਖਿਆ ਕਿ ਇਸ ਬੇਅਦਬੀ ਦੀ ਘਟਨਾ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਜਿਸ ਦਾ ਸਮਾਂ ਰਹਿੰਦਿਆਂ ਪਰਦਾਫਾਸ਼ ਕਰਨ ਦੀ ਲੋੜ ਹੈ। ਇਸ ਵਫਦ ’ਚ ਬਾਬਾ ਬੂਟਾ ਸਿੰਘ ਤੇ ਬਾਬਾ ਮਲਕੀਤ ਸਿੰਘ ਵੀ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ‘ਅ’ ਦੇ ਸਥਾਨਕ ਆਗੂ ਮੋਹਨ ਸਿੰਘ ਕਰਤਾਰਪੁਰ ਸਮੇਤ ਹੋਰ ਆਗੂਆਂ ਨੇ ਦੋਸ਼ੀਆਂ ਦੀ ਭਾਲ ਦੀ ਕਾਰਵਾਈ ’ਚ ਤੇਜ਼ੀ ਲਿਆਉਣ ਦੀ ਮੰਗ ਕੀਤੀ।