ਬਹਾਦਰ ਸਿੰਘ ਮਰਦਾਂਪੁਰ
ਘਨੌਰ , 19 ਜੂਨ
ਨਗਰ ਪੰਚਾਇਤ ਘਨੌਰ ਵੱਲੋਂ ਉਸਾਰੇ ਗਏ ਡਿਸਪੋਜ਼ਲ ਸਿਸਟਮ (ਗੰਦੇ ਪਾਣੀ ਦੀ ਨਿਕਾਸੀ ਲਈ) ਦੇ ਮਾੜੇ ਪ੍ਰਬੰਧ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 5-6 ਏਕੜ ਜ਼ਮੀਨ ਵਿੱਚ ਜਮ੍ਹਾਂ ਗੰਦਾ ਪਾਣੀ ਬਿਮਾਰੀਆਂ ਦਾ ਸਬੱਬ ਬਣ ਰਿਹਾ ਹੈ।
ਜਾਣਕਾਰੀ ਅਨੁਸਾਰ ਨਗਰ ਪੰਚਾਇਤ ਘਨੌਰ ਵੱਲੋਂ ਕਸਬੇ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕਰੀਬ ਇੱਕ ਕਰੋੜ ਸੱਤ ਲੱਖ ਰੁਪਏ ਦੀ ਲਾਗਤ ਨਾਲ ਸੰਨ 2015 ਵਿੱਚ ਡਿਸਪੋਜ਼ਲ ਸਿਸਟਮ ਬਣਵਾਇਆ ਗਿਆ ਸੀ। ਪਰ ਡਿਸਪੋਸਲ ਸਿਸਟਮ ਦੇ ਪੰਪਾਂ ਨੂੰ ਲਗਾਤਾਰ ਨਾ ਚਲਾਉਣ ਕਾਰਨ ਘਨੌਰ ਦੇ ਸਰਕਾਰੀ ਹਸਪਤਾਲ ਸਮੇਤ ਹੋਰਨਾਂ ਸਰਕਾਰੀ ਦਫਤਰਾਂ ਨੇੜੇ ਨਗਰ ਪੰਚਾਇਤ ਦੀ ਜ਼ਮੀਨ ਵਿੱਚ ਕਈ ਕਈ ਫੁੱਟ ਤੱਕ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਥੇ ਨਗਰ ਪੰਚਾਇਤ ਵੱਲੋਂ ਇਸ ਵਾਹੀਯੋਗ ਜ਼ਮੀਨ ਨੂੰ ਠੇਕੇ ’ਤੇ ਨਾ ਦਿੱਤੇ ਜਾਣ ਕਾਰਨ ਹੋਣ ਵਾਲੀ ਆਮਦਨ ਦਾ ਘਾਟਾ ਪੈ ਰਿਹਾ ਹੈ। ਉਥੇ ਹੀ ਨਗਰ ਪੰਚਾਇਤ ਵੱਲੋਂ ਡਿਸਪੋਸਲ ਸਿਸਟਮ ਦੀ ਮੋਟਰਾਂ ਦਾ ਔਸਤਨ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਬਿਜਲੀ ਬਿੱਲ ਭਰਨਾ ਪੈ ਰਿਹਾ ਹੈ ਜਦਕਿ ਡਿਸਪੋਸਲ ਸਿਸਟਮ ਨੂੰ ਚਲਾਉਣ ਵਾਲਾ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਸਬਾ ਘਨੌਰ ਵਾਸੀਆਂ ਦਾ ਕਹਿਣਾ ਹੈ ਕਿ ਡਿਸਪੋਸਲ ਸਿਸਟਮ ਨੂੰ ਲਗਾਤਾਰ ਨਾ ਚਲਾਏ ਜਾਣ ਕਾਰਨ ਗੰਦਾ ਪਾਣੀ ਜਮ੍ਹਾਂ ਹੋ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਸਪੋਜ਼ਲ ਸਿਸਟਮ ਨੂੰ ਚਲਾਉਣਾ ਯਕੀਨੀ ਬਣਾਇਆ ਜਾਵੇ।
ਬਰਸਾਤ ਕਾਰਨ ਪਾਣੀ ਜਮ੍ਹਾਂ ਹੋਇਆ: ਐੱਸਡੀਓ
ਦੂਜੇ ਪਾਸੇ ਸੀਵਰੇਜ ਬੋਰਡ ਦੇ ਐੱਸ.ਡੀ.ਓ ਹਨੀਸ਼ ਮਿੱਤਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਡਿਸਪੋਸਲ ਸਿਸਟਮ ਨੂੰ ਚਾਲੂ ਰੱਖਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਪਰ ਬਰਸਾਤ ਕਾਰਨ ਪਾਣੀ ਜ਼ਮੀਨ ਵਿੱਚ ਜਮ੍ਹਾਂ ਹੋ ਗਿਆ।