ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਮਈ
ਸੈਸ਼ਨਜ਼ ਡਿਵੀਜ਼ਨ ਪਟਿਆਲਾ ਵਿਚ ਅੱਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ (ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ) ਦੀ ਪ੍ਰਧਾਨਗੀ ਹੇਠ ਕੌਮੀ ਲੋਕ ਅਦਾਲਤ ਲਗਾਈ ਗਈ। ਜ਼ਿਲ੍ਹੇ ਭਰ ’ਚ ਜੁਡੀਸ਼ੀਅਲ ਅਦਾਲਤਾਂ ਦੇ 31 ਬੈਂਚ ਦਾ ਗਠਨ ਕੀਤਾ ਗਿਆ ਜਿਨ੍ਹਾਂ ਕੋਲ਼ ਸੁਣਵਾਈ ਲਈ ਰੱਖੇ ਗਏ 12293 ਵਿਚੋਂ 10840 ਕੇਸਾਂ ਦਾ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਜਿਸ ਦੌਰਾਨ 41.28 ਕਰੋੜ ਦੇ ਅਵਾਰਡ ਵੀ ਪਾਸ ਕੀਤੇ ਗਏ।
ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਦੱਸਿਆ ਕਿ ਪੁਲੀਸ ਸਟੇਸ਼ਨ ਵੁਮੈਨ ਸੈੱਲ ਪਟਿਆਲਾ ਵਿਖੇ ਵੀ ਕੇਸ ਦਰਜ ਹੋਣ ਪਹਿਲਾਂ ਹੀ ਪ੍ਰਾਈਵੇਟ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣ ਲਈ ਇੱਕ ਬੈਂਚ ਦਾ ਗਠਨ ਕੀਤਾ ਗਿਆ ਸੀ। ਇੱਕ ਬੈਂਚ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ’ਚ ਰਾਜਨ ਗੁਪਤਾ ਦੀ ਪ੍ਰਧਾਨਗੀ ਹੇਠ ਵੀ ਲਗਾਈ ਗਈ ਹੈ। ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਕਿਹਾ ਕਿ ਜਦੋਂ ਲੋਕ ਅਦਾਲਤਾਂ ਵਿਚ ਕੇਸ ਦਾਇਰ ਕੀਤਾ ਜਾਂਦਾ ਹੈ ਤਾਂ ਇਸ ਦਾ ਫ਼ੈਸਲਾ ਫਾਈਨਲ ਹੋ ਜਾਂਦਾ ਹੈ। ਇਸ ਖ਼ਿਲਾਫ਼ ਕੋਈ ਅਪੀਲ ਨਹੀਂ ਹੁੰਦੀ।
ਪਟਿਆਲਾ ਜ਼ਿਲ੍ਹੇ ’ਚ ਜਨ ਸੁਵਿਧਾ ਕੈਂਪਾਂ ਨੂੰ ਲਾਮਿਸਾਲ ਹੁੰਗਾਰਾ
ਪਟਿਆਲਾ: ਪਟਿਆਲਾ ਜ਼ਿਲ੍ਹੇ ’ਚ ਲਗਾਏ ਗਏ ਦੂਸਰੇ ਜਨ ਸੁਵਿਧਾ ਕੈਂਪਾਂ ਦੌਰਾਨ 10 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਜ਼ਿਲ੍ਹੇ ਦੇ ਸਮੂਹ ਅੱਠ ਵਿਧਾਇਕਾਂ ਦੇ ਸਹਿਯੋਗ ਨਾਲ ਲੱਗੇ ਇਨ੍ਹਾਂ ਕੈਂਪਾਂ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮੌਕੇ ’ਤੇ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਲਾਭਪਾਤਰੀਆਂ ਨੂੰ ਪੈਨਸ਼ਨਾਂ ਤੇ ਹੋਰ ਸਰਕਾਰੀ ਸੇਵਾਵਾਂ ਦੇ ਸਰਟੀਫਿਕੇਟ ਪ੍ਰਦਾਨ ਕੀਤੇ। ਉਂਜ ਸਮੁੱਚੇ ਤੌਰ ’ਤੇ ਇਨ੍ਹਾਂ ਕੈਂਪਾਂ ਦੀ ਅਗਵਾਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤੀ। ਸ਼ਹਿਰ ਦੇ ਪੈਰਾਂ ’ਚ ਵਸੇ ਪਿੰਡ ਅਬਲੋਵਾਲ ਵਿਖੇ ਲੱਗੇ ਅਜਿਹੇ ਹੀ ਇੱਕ ਕੈਂਪ ਦਾ ਜਾਇਜ਼ਾ ਲੈਣ ਲਈ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਪਹੁੰਚੇ। ‘ਆਪ’ ਸਰਕਾਰ ਨੂੰ ਲੋਕਾਂ ਦੇ ਵਿਹੜਿਆਂ ਤੱਕ ਅੱਪੜਨ ਵਾਲ਼ੀ ਗਰਦਾਨਦਿਆਂ, ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਕੈਂਪਾਂ ਨੇ ਲੋਕਾਂ ਦੇ ਦਫ਼ਤਰਾਂ ਦੇ ਚੱਕਰ ਬੰਦ ਕਰਵਾ ਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਉਧਰ ਤ੍ਰਿਪੜੀ ਵਿਚਲੇ ਕੈਂਪ ਦੌਰਾਨ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਨੇ ਲੋਕਾਂ ਨੂੰ ਅਹਿਸਾਸ ਕਰਵਾਇਆ ਹੈ ਕਿ ਸਰਕਾਰ ਅਸਲ ਅਰਥਾਂ ’ਚ ਲੋਕਾਂ ਦੇ ਦੁਆਰ ਪੁੱਜੀ ਹੈ। ਜ਼ਿਲ੍ਹੇ ਦੇ ਬਾਕੀ ਵਿਧਾਇਕਾਂ ਹਰਮੀਤ ਪਠਾਣਮਾਜਰਾ, ਚੇਤਨ ਜੌੜਾਮਾਜਰਾ, ਗੁਰਲਾਲ ਘਨੌਰ, ਨੀਨਾ ਮਿੱਤਲ, ਦੇਵ ਮਾਨ ਤੇ ਕੁਲਵੰਤ ਬਾਜ਼ੀਗਰ ਨੇ ਵੀ ਆਪੋ ਆਪਣੇ ਹਲਕਿਆਂ ਵਿਚਲੇ ਕੈਂਪਾਂ ’ਚ ਸ਼ਿਰਕਤ ਕੀਤੀ।