ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਦਸੰਬਰ
ਕਰੋਨਾ ਮਹਾਮਾਰੀ ਦਾ ਪ੍ਰਭਾਵ ਘਟਣ ਮਗਰੋਂ ਸਰਕਾਰ ਵੱਲੋਂ ਨੌਕਰੀਓਂ ਹਟਾਏ ਕਰੋਨਾ ਵਾਲੰਟੀਅਰਾਂ ਵੱਲੋਂ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਪਟਿਆਲਾ ’ਚ ਸ਼ੁਰੂ ਕੀਤਾ ਪੱਕਾ ਮੋਰਚਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਿਹਾ ਤੇ ਨਾਅਰੇਬਾਜ਼ੀ ਵੀ ਕੀਤੀ। ਜਥੇਬੰੰਦੀ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਬੂਟ ਪਾਲਸ਼, ਗੋਭੀ ਵੇਚਣ ਅਤੇ ਪਾਪੜ ਵੇਚਣ ਸਣੇ ਕਈ ਹੋਰ ਢੰਗ ਤਰੀਕਿਆਂ ਨਾਲ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਤਰ ਪੈਸੇ ਉਨ੍ਹਾਂ ਨੇ ਡਾਕ ਰਾਹੀਂ ਸਰਕਾਰ ਨੂੰ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੇਵਾਵਾਂ ਦੀ ਬਹਾਲੀ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਨੇੜੇ ਸਥਿਤ ਸਰਹਿੰਦ ਚੌਕ ਵਾਲ਼ੇ ਬੱਸ ਅੱਡੇ ’ਚ ਪੱਕੇ ਡੇਰੇ ਲਾ ਕੇ ਬੈਠੇ ਇਨ੍ਹਾਂ ਬੇਰੁਜ਼ਗਾਰਾਂ ਦਾ ਕਹਿਣਾ ਹੈ ਕਿ ਕਰੋਨਾ ਦੇ ਕਹਿਰ ਦੌਰਾਨ ਉਹ ਮੌਤ ਦੇ ਮੂੰਹ ਕੰਮ ਕਰਦੇ ਰਹੇ ਹਨ ਪਰ ਹੁਣ ਜਦੋਂ ਲੋੜ ਨਹੀਂ ਰਹੀ ਤਾਂ ਸਰਕਾਰ ਨੇ ਉਨ੍ਹਾਂ ਨੂੰ ਘਰਾਂ ਨੂੰ ਭੇਜ ਦਿੱਤਾ ਹੈ। ਇਸ ਮੋਰਚੇ ਦੌਰਾਨ ਪ੍ਰਧਾਨ ਰਾਜਵਿੰਦਰ ਪਟਿਆਲਾ, ਮੁੱਖ ਬੁਲਾਰੇ ਪ੍ਰਭਜੋਤ ਸਿੰਘ, ਚੇਅਰਮੈਨ ਚਮਕੌਰ ਸਿੰਘ ਤੇ ਸਤਨਾਮ ਸਿੰਘ ਸਣੇ ਹਰਪ੍ਰ੍ਰੀਤ ਕੌਰ ਮਹਿਮਦਪੁਰ, ਰੁਪਿੰਦਰ ਕੌਰ ਡਕਾਲਾ, ਅਮਨਦੀਪ ਕੌਰ ਭੰਗੂ ਮੋਗਾ, ਕਰਮਜੀਤ ਕੌਰ, ਪ੍ਰੀਆ ਬੰਗਾ, ਗੋਬਿੰਦ ਸਿੰਘ, ਸੁਖਵੀਰ ਸਿੰਘ, ਹਰਦੀਪ ਸਿੰਘ, ਚਮਕੌਰ ਸਿੰਘ, ਹਰਜੀਤ ਸਿੰਘ ਤੇ ਪਰਮਜੀਤ ਕੌਰ ਆਦਿ ਹਿੱਸਾ ਲੈ ਰਹੇ ਹਨ।