ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਅਤੇ ਡੀਨ, ਕਾਲਜ ਵਿਕਾਸ ਕੌਂਸਲ ਦੁਆਰਾ ਅੱਖਰ 2021 ਅਤੇ ਪੰਜਾਬੀ ਕੰਪਿਊਟਿੰਗ ਬਾਰੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਅੱਖਰ ਡੀਨ ਕਾਲਜਿਜ਼ ਡਾ. ਗੁਰਪ੍ਰੀਤ ਸਿੰਘ ਲਹਿਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਜਿਸ ਸਬੰਧੀ ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ 123 ਮਾਨਤਾ ਪ੍ਰਾਪਤ ਅਤੇ ਕਾਂਸਟੀਚੂਐਂਟ ਕਾਲਜਾਂ ਦੇ 200 ਤੋਂ ਵੱਧ ਅਧਿਆਪਨ ਅਤੇ ਦਫ਼ਤਰੀ ਸਟਾਫ਼ ਨੇ ਵਿੱਚ ਭਾਗ ਲਿਆ। ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਕਾਲਜ ਸਟਾਫ਼ ਨੂੰ ਪੰਜਾਬੀ ਕੰਪਿਊਟਿੰਗ ਨਾਲ ਸਬੰਧਤ ਵੱਖ-ਵੱਖ ਮਸਲਿਆਂ ਤੋਂ ਜਾਣੂ ਕਰਵਾਉਣਾ ਅਤੇ ਪੰਜਾਬੀ ਵਰਤੋਂਕਾਰਾਂ ਨੂੰ ਕੰਪਿਊਟਰਾਂ ’ਤੇ ਆ ਰਹੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਯੂਨੀਕੋਡ ਆਧਾਰਿਤ ਪੰਜਾਬੀ ਵਰਡ ਪ੍ਰੋਸੈੱਸਰ, ਅੱਖਰ 2021 ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਬਾਰੇ ਸਿਖਲਾਈ ਦੇਣਾ ਸੀ।
ਇਸ ਮੌਕੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਭਾਸ਼ਾ ਅਤੇ ਲਿਪੀ ਦੇ ਵਿਕਾਸ, ਪ੍ਰਸਾਰ ਅਤੇ ਲੋਕਪ੍ਰਿਅਤਾ ਲਈ ਇਨ੍ਹਾਂ ਦੇ ਤਕਨੀਕੀ ਵਿਕਾਸ ਦੀ ਲੋੜ ਉੱਤੇ ਜ਼ੋਰ ਦਿੱਤਾ।