ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਸਤੰਬਰ
ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬੀਤੇ ਦਿਨ ਪਟਿਆਲਾ ਜ਼ਿਲ੍ਹੇ ਦੀ ਲੀਡਰਸ਼ਿਪ ਦੀ ਕੀਤੀ ਸਿਆਸੀ ਝਾੜਝੰਬ ਦੀ ਰਾਜਸੀ ਗਲਿਆਰਿਆਂ ’ਚ ਅੱਜ ਦੂਜੇ ਦਿਨ ਵੀ ਚਰਚਾ ਮਘੀ ਰਹੀ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਨੇ ਮੁਹਾਲੀ ਵਿੱਚ ਪਹਿਲੀ ਅਕਤੂਬਰ ਨੂੰ ਟਰੈਕਟਰ ਮਾਰਚ ਦੀ ਲਾਮਬੰਦੀ ਲਈ ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਦੋਵਾਂ ਜ਼ਿਲ੍ਹਿਆਂ ਦੀ ਲੀਡਰਸ਼ਿਪ ਦੀ ਸਥਾਨਕ ਗੁਰਦੁਆਰਾ ਬਹਾਦਰਗੜ੍ਹ ’ਚ ਅਹਿਮ ਮੀਟਿੰਗ ਸੱਦੀ ਹੋਈ ਸੀ।
ਅਜਿਹੇ ਦੌਰਾਨ ਮੀਟਿੰਗ ਤੋਂ ਪਹਿਲਾਂ ਜਿੱਥੇ ਮੰਚ ਤੋਂ ਸੁਖਬੀਰ ਬਾਦਲ ਨੇ ਚੱਕਾ ਜਾਮ ਪ੍ਰੋਗਰਾਮ ਦੇ ਸੰਦਰਭ ’ਚ ਕਈ ਹਲਕਿਆਂ ਵਿੱਚ ਪਾਰਟੀ ਦੀ ਸਿਆਸੀ ਪੱਕੜ ਢਿੱਲੀ ਪੈਣ ’ਤੇ ਚਿੰਤਾ ਪ੍ਰਗਟਾਈ, ਉੱਥੇ ਇਸ ਮਗਰੋਂ ਲੀਡਰਸ਼ਿਪ ਨਾਲ ਬੰਦ ਕਮਰਾ ਮੀਟਿੰਗ ਦੌਰਾਨ ਕਈ ਹਲਕਿਆਂ ਦੇ ਇੰਚਾਰਜਾਂ ਤੇ ਆਗੂਆਂ ਦੀ ਸਿਆਸੀ ਲਿਹਾਜ਼ ਤੋਂ ਕਾਫ਼ੀ ਤਿੱਖੀ ਸੁਰ ’ਚ ਝਾੜਝੰਬ ਕੀਤੀ ਗਈ। ਸੂਤਰਾਂ ਮੁਤਾਬਿਕ ਸੁਖਬੀਰ ਕੋਲ ਦੋਵਾਂ ਜ਼ਿਲ੍ਹਿਆਂ ਦੇ ਧਰਨਿਆਂ ਦੀ ਹੂਬਹੂ ਤਸਵੀਰ ਪੇਸ਼ ਕਰਦੀਆਂ ਅਖਬਾਰੀ ਕਤਰਾਂ ਤੇ ਬਾਕਾਇਦਾ ਜ਼ਮੀਨੀ ਪੱਧਰ ’ਤੇ ਪਰਦੇ ਹੇਠ ਤਿਆਰ ਕਰਵਾਈਆਂ ਹੋਈਆਂ ਫੋਟੋਆਂ ਵੀ ਮੌਜੂਦ ਸਨ। ਉਨ੍ਹਾਂ ਪਾਰਟੀ ਦੇ ਚਾਰ ਆਗੂਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਪੱਸ਼ਟ ਤੌਰ ’ਤੇ ਜਾਣੂ ਕਰਵਾਇਆ ਕਿ ਉਨ੍ਹਾਂ ਦੇ ਧਰਨੇ ਬੁਰੀ ਤਰ੍ਹਾਂ ਫਲਾਪ ਰਹੇ ਹਨ, ਜਿਸ ਦੀ ਪਾਰਟੀ ਕੋਲ ਗੁਪਤ ਰਿਪੋਰਟ ਹੈ ਜੋ ਧਰਨੇ ਦੀਆਂ ਫੋਟੋਆਂ ਸਮੇਤ ਵਿਖਾਈ ਵੀ ਜਾ ਸਕਦੀ ਹੈ।