ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਕਤੂਬਰ
ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਅਦਿੱਤਿਆ ਉੱਪਲ ਵਿਚਕਾਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਲੰਬਾ ਸਮਾਂ ਵਿਚਾਰ ਚਰਚਾ ਹੋਈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਰਾਜਿੰਦਰਾ ਝੀਲ ਲਈ ਇਕ ਕਰੋੜ ਰੁਪਏ ਦਾ ਪ੍ਰਾਜੈਕਟ ਬਣਾ ਕੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਝੀਲ ’ਤੇ ਪਹਿਲਾਂ ਖਰਚੇ ਗਏ 9 ਕਰੋੜ ਦੀ ਵੀ ਜਾਂਚ ਕਰਾਉਣਗੇ। ਰਾਜਿੰਦਰਾ ਝੀਲ ਦੇ ਮਾੜੇ ਹਾਲ ਬਾਰੇ ‘ਪੰਜਾਬੀ ਟ੍ਰਿਬਿਊਨ’ ਲਗਾਤਾਰ ਮੁੱਦਾ ਚੁੱਕਦਾ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵਿਚਾਲੇ ਸਥਿਤ ਰਾਜਿੰਦਰਾ ਝੀਲ ਪਿਛਲੀਆਂ ਸਰਕਾਰਾਂ ਦੀ ਕਥਿਤ ਅਣਗਹਿਲੀ ਕਾਰਨ ਗੰਦਗੀ ਦਾ ਢੇਰ ਬਣੀ ਹੋਈ ਹੈ। ਇਸ ਦੀ ਸੁੰਦਰਤਾ ਬਹਾਲ ਕਰਨ ਲਈ ਹੁਣ ਇਕ ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਇਸ ਝੀਲ ਦੀ ਦਿੱਖ ਵਿੱਚ ਛੇਤੀ ਹੀ ਸੁਙਾਰ ਹੋਵੇਗਾ ਜਿਸ ਨਾਲ ਪਟਿਆਲਾ ਵਿੱਚ ਸੈਰ-ਸਪਾਟੇ ਵੀ ਵਧੇਗਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਵਿਚਾਲੇ ਇਹ ਵੀ ਚਰਚਾ ਹੋਈ ਕਿ ਵਿਰਾਸਤੀ ਸ਼ਹਿਰ ਪਟਿਆਲਾ ਵਿੱਚ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਜਿਨ੍ਹਾਂ ਦੀ ਚੁਕਾਈ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜਲਦੀ ਹੀ ਨਗਰ ਨਿਗਮ ਲਈ ਦਰਜਨ ਦੇ ਕਰੀਬ ਟਾਟਾ ਏਸ ਗੱਡੀਆਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਡਿਊਟੀ ਸਿਰਫ਼ ਕੂੜਾ ਚੁੱਕਣ ਦੀ ਹੀ ਹੋਏਗੀ। ਇਸ ਤੋਂ ਇਲਾਵਾ ਸ਼ਹਿਰ ਅੰਦਰ ਪਾਰਕਿੰਗ ਦੀ ਆ ਰਹੀ ਵੱਡੀ ਦਿੱਕਤ ਕਾਰਨ ਕਈ ਥਾਵਾਂ ’ਤੇ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਵੱਲੋਂ ਪਾਰਕਿੰਗ ਉਸਾਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪਾਰਕਿੰਗਾਂ ਦੀ ਉਸਾਰੀ ਨਾਲ ਸ਼ਹਿਰ ਵਾਸੀਆਂ ਨੂੰ ਵਾਹਨ ਖੜ੍ਹਾਉਣ ਲਈ ਵਧੇਰੇ ਥਾਂ ਮਿਲ ਸਕੇਗੀ ਤੇ ਮਾਰਕੀਟਾਂ ਵਿੱਚ ਵਾਹਨਾਂ ਦੀ ਭੀੜ ਘਟੇਗੀ।