ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਗਸਤ
ਇਥੇ ਦਿ ਕਲਾਸ ਫੋਰਥ ਗੌਰਮਿੰਟ ਐਂਲਾਈਜ਼ ਯੂਨੀਅਨ ਪੰਜਾਬ ਦੀ ਸਰਕਲ ਕਮੇਟੀ ਭਾਖੜਾ ਮੇਨ ਲਾਈਨ ਦੇ ਜਲ ਸਰੋਤ ਅਧਿਕਾਰੀਆਂ ਨਾਲ ਮੁਲ਼ਾਜ਼ਮ ਮੰਗਾਂ ’ਤੇ ਹੋਈ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਕਈ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਫ਼ਦ ਦੀ ਅਗਵਾਈ ਕਰਦਿਆਂ, ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਸ ਦੌਰਾਨ ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜਨੀਅਰ ਗੁਰਪ੍ਰੀਤ ਸਿੰਘ ਵਿਰਕ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ਼ ਵਿਚਾਰਨ ਦਾ ਭਰੋਸਾ ਦਿਵਾਇਆ। ਯੂਨੀਅਨ ਵਲੋਂ ਦਰਸ਼ਨ ਲੁਬਾਣਾ ਸਮੇਤ ਇਕਾਈ ਪ੍ਰਧਾਨ ਪ੍ਰੀਤਮ ਚੰਦ ਠਾਕੁਰ, ਸਰਕਲ ਸਕੱਤਰ ਬਲਬੀਰ ਸਿੰਘ, ਚੇਅਰਮੈਨ ਕਾਕਾ ਸਿੰਘ, ਫੀਲਡ ਪ੍ਰਧਾਨ ਅਮਰ ਨਾਥ ਨਰੜੁ, ਚੇਅਰਮੈਨ ਹਰਨੇਕ ਸਿੰਘ, ਉਪ ਪ੍ਰਧਾਨ ਹਰੀ ਰਾਮ ਨਿੱਕਾ ਆਦਿ ਵੀ ਹਾਜ਼ਰ ਸਨ। ਵਿਚਾਰੀਆਂ ਗਈਆਂ ਮੰਗਾਂ ’ਚ ਕਰਮਚਾਰੀਆਂ ਨੂੰ ਤਰੱਕੀ ਤਹਿਤ ਅਰਥ ਵਰਕ ਮਿਸਤਰੀ ਬਣਾਉਣ ਸਮੇਤ ਗੇਜ ਰੀਡਰ ਤੇ ਪਲੰਬਰਾਂ ਦੀਆਂ ਅਸਾਮੀਆਂ ਭਰਨਾ, ਭਾਖੜਾ ਮੇਨ ਲਾਈਨ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਕੁਆਰਟਰਾਂ ਤੇ ਸੜਕਾਂ ਦੀ ਮੁਰੰਮਤ ਕਰਨੀ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ, ਨਹਿਰਾਂ ਦੀਆਂ ਖੇਤਰੀ ਕਲੋਨੀਆਂ ਦੀ ਮੁਰੰਮਤ ਆਦਿ ਸ਼ਾਮਲ ਸਨ।