ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 12 ਜੂਨ
ਪਿੰਡ ਮਸੀਂਗਣ ਵਿੱਚ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੀਰ ਯੋਗੀ ਸ਼ਾਹ ਦੀ ਯਾਦ ਵਿੱਚ ਕਬੱਡੀ ਖੇਡ ਮੇਲਾ ਕਰਵਾਇਆ ਗਿਆ। ਇਸ ਮੌਕੇ ਲੜਕਿਆਂ ਦੀ ਦਿੜ੍ਹਬਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 51 ਹਜ਼ਾਰ ਅਤੇ ਦੂਜੇ ਸਥਾਨ ’ਤੇ ਰਹੀ ਤਾਜਲਪੁਰ ਦੀ ਟੀਮ ਨੇ 31 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ ਟੀਮ ਮਤਲੌਢਾ ਪਹਿਲਾ ਸਥਾਨ ਤੇ ਸਮੈਣਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸਰਬਜੀਤ ਸਿੰਘ ਚੀਮਾ ਥਾਣਾ ਮੁਖੀ ਜ਼ੁਲਕਾਂ ਪਹੁੰਚੇ।
ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਖੇਡ ਮੇਲੇ ਜਿੱਥੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਕਲਾ ਨਿਖਾਰਨ ਦੇ ਮੌਕੇ ਪ੍ਰਦਾਨ ਕਰਦੇ ਹਨ, ਉਥੇ ਉਹ ਉਜਵਲ ਭਵਿੱਖ ਲਈ ਵੀ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਨਾਮ ਸਿੰਘ ਸਰਪੰਚ, ਕਰਨੈਲ ਸਿੰਘ, ਸਤਨਾਮ ਸਿੰਘ, ਧਰਮਿੰਦਰ ਸਿੰਘ ਮਸੀਂਗਣ, ਕਰਮਜੀਤ ਸਿੰਘ ਇਸਰਹੇੜੀ, ਸਰਬਜੀਤ ਸਿੰਘ ਚੀਮਾ ਥਾਣਾ ਮੁਖੀ ਜ਼ੁਲਕਾਂ ਆਦਿ ਵੀ ਹਾਜ਼ਰ ਸਨ।