ਘਨੌਰ (ਬਹਾਦਰ ਸਿੰਘ ਮਰਦਾਂਪੁਰ): ਇੱਥੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਕਸਬਾ ਘਨੌਰ ਸਣੇ ਇਲਾਕੇ ਦੇ ਪਿੰਡਾਂ ਦੀਆਂ ਦੁਕਾਨਾਂ ਅਤੇ ਬੈਂਕ ਵੀ ਬੰਦ ਰਹੇ। ਇੱਥੋਂ ਲੰਘਦੀ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਰੇਲਾਂ ਅਤੇ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਸੜਕੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਰਹੀ। ਸਵੇਰੇ ਕਰੀਬ ਸਵਾ ਛੇ ਵਜੇ ਅੰਬਾਲਾ ਤੋਂ ਜੰਮੂ ਜਾ ਰਹੀ ਹੇਮਗਿਰੀ ਐਕਸਪ੍ਰੈਸ ਅਤੇ ਅੰਬਾਲਾ ਤੋਂ ਲੁਧਿਆਣਾ ਜਾਣ ਵਾਲੀਆਂ ਯਾਤਰੂ ਰੇਲਗੱਡੀਆਂ ਨੂੰ ਧਰਨੇ ਕਾਰਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ। ਮੁਸਾਫ਼ਿਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੰਗਰ ਛਕਾਇਆ ਗਿਆ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਧਰਮਪਾਲ ਸਿੰਘ ਸੀਲ, ਗੁਲਜਾਰ ਸਿੰਘ ਸਲੇਮਪੁਰ ਜੱਟਾਂ, ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਚਰਨਜੀਤ ਸਿੰਘ ਝੁੰਗੀਆ, ਪਵਨ ਕੁਮਾਰ ਸੋਗਲਪੁਰ, ਜੰਗ ਸਿੰਘ ਭਟੇੜੀ, ਸਰਬਜੀਤ ਸਿੰਘ ਕਾਮੀ ਦੀ ਅਗਵਾਈ ਵਿੱਚ ਕਿਸਾਨਾਂ-ਮਜ਼ਦੂਰਾਂ ਨੇ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਸ਼ੰਭੂ ਨੇੜਲੇ ਘਨੌਰ ਚੌਕ ਵਾਲੇ ਫਲਾਈ ਓਵਰ ’ਤੇ ਸੜਕੀ ਆਵਾਜਾਈ ਠੱਪ ਕਰਕੇ ਅਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲ ਲਾਈਨ ’ਤੇ ਰੋਸ ਧਰਨਾ ਦਿੱਤਾ। ਇਸੇ ਦੌਰਾਨ ਘਨੌਰ-ਸ਼ੰਭੂ ਰੋਡ ’ਤੇ ਨਰਵਾਣਾ ਨਹਿਰ ਦੇ ਘਨੌਰ ਪੁਲ ’ਤੇ ਸੜਕੀ ਆਵਾਜਾਈ ਠੱਪ ਕੀਤੀ ਗਈ।