ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਕਤੂਬਰ
ਵਿਦਿਆਰਥੀ ਚੋਣਾਂ ’ਤੇ 1984 ਤੋਂ ਲੱਗੀ ਪਾਬੰਦੀ ਹਟਵਾਉਣ ਸਮੇਤ ਕਈ ਹੋਰ ਭਖਵੇਂ ਮਸਲਿਆਂ ਨੂੰ ਲੈ ਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ (ਪੀਆਰਐਸਯੂ) ਵੱਲੋਂ ਵੀ.ਸੀ. ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ‘ਵਿਦਿਆਰਥੀ ਚੋਣਾਂ ਦੇ ਮੁੱਦੇ ’ਤੇ ‘ਆਪ’ ਸਰਕਾਰ ਨੂੰ ਸਟੈਂਡ ਸਪਸਟ ਕਰਨ ਲਈ ਆਖਿਆ ਗਿਆ।
ਇਸ ਮੌਕੇ ਪੀਆਰਐੱਸਯੂ ਦੇ ਸੂਬਾਈ ਪ੍ਰਧਾਨ ਰੁਸ਼ਪਿੰਦਰ ਜਿੰਮੀ ਸਮੇਤ ਸੰਦੀਪ ਕੌਰ ਤੇ ਰਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਜਿਨ੍ਹਾਂ ਨੇ ਯੂਨੀਵਰਸਿਟੀ ਦੇ ਵਿੱਤੀ ਘਾਟੇ ਨੂੰ ਪੂਰਾ ਕਰਨ, ਅਧਿਆਪਕਾਂ ਦੀ ਭਰਤੀ ਕਰਨ, ਕਲਾਸ ਰੂਮ ਅਤੇ ਬਾਥਰੂਮਾਂ ਦਾ ਪ੍ਰਬੰਧ ਕਰਨ ਵਰਗੀਆਂ ਮੰਗਾਂ ਵੀ ਰੱਖੀਆਂ। ਬੁਲਾਰਿਆਂ ਦਾ ਤਰਕ ਸੀ ਕਿ ਹੋਸਟਲ ਦੀ ਸਮੱਸਿਆ ਨਾਲ ਕੁੜੀਆਂ ਨੂੰ ਵੱਧ ਜੂਝਣਾ ਪੈ ਰਿਹਾ ਹੈ ਕਿਉਂਕਿ ਕੁੜੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਹੋਸਟਲਾਂ ਦੀ ਤੋਟ ਹੋਣ ਲੱਗੀ ਹੈ। ਕਈ ਹੋਸਟਲ ਤਾਂ ਇਸ ਕਦਰ ਖਸਤਾ ਹਾਲਤ ਵਿੱਚ ਹਨ ਕਿ ਉਨ੍ਹਾਂ ਦੀਆਂ ਛੱਤਾਂ ਡਿਗੂੰ ਡਿਗੂੰ ਕਰ ਰਹੀਆਂ ਹਨ। 2019 ਵਿੱਚ 400 ਕਮਰਿਆਂ ਦਾ ਹੋਸਟਲ ਮਾਤਾ ਤ੍ਰਿਪਤਾ ਦੇਵੀ ਦੇ ਨਾਂ ’ਤੇ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਗਰਾਂਟ ਆਉਣ ਦੇ ਬਾਵਜੂਦ ਹੁਣ ਤੱਕ ਇਕ ਇੱਟ ਵੀ ਨਹੀਂ ਲੱਗੀ । ਇਸ ਮੌਕੇ ਸਿਮਰਨ, ਰਮਨ, ਸੰਦੀਪ, ਕੁਲਵੰਤ ਅਤੇ ਦਿਲਪ੍ਰੀਤ ਨੇ ਇਨਕਲਾਬੀ ਗੀਤ ਗਾ ਕੇ ਵਿਦਿਆਰਥੀਆਂ ਵਿੱਚ ਜੋਸ਼ ਭਰਿਆ।