ਐਸਡੀਐਮ ਨੂੰ ਸੌਂਪਿਆ ਮੰਗ ਪੱਤਰ ਸੌਂਪਿਆ
ਗੁਰਦੀਪ ਸਿੰਘ ਲਾਲੀ/ਨਿਜੀ ਪੱਤਰ ਪ੍ਰੇਰਕ
ਸੰਗਰੂਰ, 29 ਅਕਤੂਬਰ
ਡੈਮੋਕਰੇਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਸੈਂਕੜੇ ਮਨਰੇਗਾ ਕਾਮਿਆਂ ਵਲੋਂ ਮਨਰੇਗਾ ਕਾਨੂੰਨ ਤਹਿਤ 100 ਦਿਨ ਰੋਜ਼ਗਾਰ ਦੇਣ ਅਤੇ ਮੰਗ ਆਧਾਰਿਤ ਕੰਮ ਦੇਣ ਸਮੇਤ ਅਨੇਕਾਂ ਮੰਗਾਂ ਲਈ ਇਥੇ ਡੀ.ਸੀ. ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਮਗਨਰੇਗਾ ਕਾਨੂੰਨ ਨੂੰ ਸਹੀ ਰੂਪ ਵਿਚ ਲਾਗੂ ਨਾ ਕਰਨ ਖ਼ਿਲਾਫ਼ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋਕਰੇਟਿਕ ਮਨਰੇਗਾ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਖੁਰਦ ਅਤੇ ਜਨਰਲ ਸਕੱਤਰ ਸੁਨੀਤਾ ਰਾਣੀ ਕੈਦੂਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 16 ਸਾਲ ਪਹਿਲਾਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਸੀ ਪਰੰਤੂ ਆਮ ਤੌਰ ’ਤੇ ਸਾਲ ਅੰਦਰ 100 ਦਿਨ ਦਾ ਰੁਜ਼ਗਾਰ ਕਿਤੇ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਮੰਗ ਅਧਾਰਿਤ ਲਿਖਤੀ ਤੌਰ ਤੇ ਕੰਮ ਲੈਣ, ਕੰਮ ਤੇ ਜਾਣ ਤੋਂ ਪਹਿਲਾਂ ਨਿਯੁਕਤੀ ਪੱਤਰ ਲੈਣ, ਕੰਮ ’ਤੇ ਲੱਗਣ ਸਮੇਂ ਹਾਜ਼ਰੀ ਮਸਟਰੋਲ ਤੇ ਲਵਾਉਣ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਹਾਸਲ ਕਰਨ ਅਤੇ ਕੰਮ ਦਾ ਮਿਹਨਤਾਨਾ 15 ਦਿਨਾਂ ਅੰਦਰ ਲੈਣ ਅਤੇ ਦੇਰੀ ਹੋਣ ’ਤੇ ਸਮੇਤ ਵਿਆਜ ਮਿਹਨਤਾਨਾ ਲੈਣ, ਜਿਹੇ ਮੁੱਦਿਆਂ ’ਤੇ ਚਰਚਾ ਕੀਤੀ ਗਈ ਅਤੇ ਮਗਨਰੇਗਾ ਕਾਮਿਆਂ ਦੀਆਂ ਉਪਰੋਕਤ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਤਰਫੋਂ ਐਸਡੀਐਮ ਸੰਗਰੂਰ ਅਮਰਿੰਦਰ ਸਿੰਘ ਟਿਵਾਣਾ ਨੂੰ ਮੰਗ ਪੱਤਰ ਦਿੱਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਮਨਰੇਗਾ ਦੀ ਦਿਹਾੜੀ ਘੱਟੋ ਘੱਟ ਉਜਰਤ ਕਾਨੂੰਨ ਮੁਤਾਬਕ ਦਿੱਤੀ ਜਾਵੇ, ਕੰਮ ਦੇ ਦਿਨ ਵਧਾਕੇ 200 ਦਿਨ ਕੀਤੇ ਜਾਣ, ਪਿੰਡਾਂ ਅੰਦਰ ਗਰਾਮ ਸਭਾ ਦੇ ਵਿਧੀਵਤ ਅਜਲਾਸ ਕਰਕੇ ਮਨਰੇਗਾ ਬੱਜਟ ਪਾਸ ਕੀਤੇ ਜਾਣ, ਘੱਟ ਕੰਮ ਦੇਣ ਦੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ਼ ਕਾਨੂੰਨ ਦੀ ਧਾਰਾ 25 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸਡੀਐਮ ਵਲੋਂ ਮਗਨਰੇਗਾ ਨੂੰ ਕਾਨੂੰਨ ਅਨੁਸਾਰ ਸਹੀ ਰੂਪ ਵਿਚ ਲਾਗੂ ਕਰਾਉਣ ਦਾ ਭਰੋਸਾ ਦਿਵਾਇਆ। ਰੋਸ ਧਰਨੇ ਨੂੰ ਮਨਰੇਗਾ ਫਰੰਟ ਦੇ ਆਗੂ ਭੋਲਾ ਸਿੰਘ, ਸੁਖਵਿੰਦਰ ਸਿੰਘ ਸਕਰੌਦੀ, ਸਰਬਜੀਤ ਕੌਰ, ਸੋਮਾ ਰਾਣੀ ਨਮੋਲ, ਸਰਬਜੀਤ ਕੌਰ ਕਾਹਨਗੜ, ਰਾਜਵਿੰਦਰ ਕੌਰ, ਬਲਜੀਤ ਕੌਰ ਸਤੌਜ, ਗੁਰਸੇਵਕ ਸਿੰਘ ਧਰਮਗੜ੍ਹ, ਮਨਜੀਤ ਕੌਰ ਜੌਲੀਆ, ਸੁਖਵਿੰਦਰ ਕੌਰ ਘਾਸੀਵਾਲ, ਨਿਰਮਲ ਕੌਰ ਅਤੇ ਹਰਪ੍ਰੀਤ ਕੌਰ ਸੰਗਤਪੁਰਾ ਨੇ ਵੀ ਸੰਬੋਧਨ ਕੀਤਾ। ਰੋਸ ਧਰਨੇ ’ਚ ਆਈਡੀਪੀ ਦੇ ਸੂਬਾ ਆਗੂਆਂ ਕਰਨੈਲ ਸਿੰਘ ਜਖੇਪਲ, ਗੁਰਮੀਤ ਸਿੰਘ ਥੂਹੀ ,ਫਲਜੀਤ ਸਿੰਘ, ਦਰਸ਼ਨ ਸਿੰਘ ਧਨੇਠਾ, ਤਰਲੋਚਨ ਸਿੰਘ ਸੂਲਰ ਘਰਾਟ, ਤਾਰਾ ਸਿੰਘ ਫੱਗੂਵਾਲਾ ਅਤੇ ਬੀ ਕੇ ਯੂ ਸਿੱਧੂਪੁਰ ਦੇ ਜਿਲ੍ਹਾ ਆਗੂ ਬਲਜੀਤ ਸਿੰਘ ਜੌਲੀਆ ਨੇ ਵੀ ਸ਼ਮੂਲੀਅਤ ਕੀਤੀ।
ਸੰਗਰੂਰ ’ਚ ਡੈਮੋਕ੍ਰੇਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ ਰੋਸ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਮਗਨਰੇਗਾ ਮਹਿਲਾ ਵਰਕਰ। ਫੋਟੋ: ਲਾਲੀ।