ਖੇਤਰੀ ਪ੍ਰਤੀਨਿਧ
ਪਟਿਆਲਾ, 12 ਜੁਲਾਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਗੁਰਵਿੰਦਰ ਬੋੜਾਂ ਦੀ ਅਗਵਾਈ ਹੇਠਾਂ ਅੱਜ ਇੱਥੇ ਡੀਸੀ ਦੇ ਬਾਹਰ ਧਰਨਾ ਦਿੱਤਾ।
ਇਸ ਦੌਰਾਨ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ, ਦਲਿਤ ਪਰਿਵਾਰਾਂ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਮਗਰੋਂ ਕਬਜ਼ਾ ਨਾ ਕਰਵਾਉਣ, ਅਲਾਟ ਪਲਾਟਾਂ ਦੇ ਕਬਜ਼ੇ ਨਾ ਦਿਵਾਉਣ ਅਤੇ ਕਮੇਟੀ ਆਗੂ ਨੂੰ ਇੱਕ ਚੌਕੀ ਇੰਚਾਰਜ ਵੱਲੋਂ ਪ੍ਰੇਸ਼ਾਨ ਕਰਨ ਆਦਿ ਮੰਗਾਂ ਉਭਾਰੀਆਂ ਗਈਆਂ। ਧਰਨੇ ਮਗਰੋਂ ਹਰਕਤ ’ਚ ਆਏ ਪ੍ਰਸ਼ਾਸਨ ਨੇ ਬਹੁਤੇ ਮਸਲਿਆਂ ਦਾ ਹੱਲ ਜਲਦੀ ਹੀ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਇਸ ਮੌਕੇ ਮੁਕੇਸ਼ ਮਲੌਦ,ਗੁਰਵਿੰਦਰ ਬੋੜਾਂ, ਧਰਮਵੀਰ ਹਰੀਗੜ੍ਹ, ਜਸਵੰਤ ਦੁੱਲੜ, ਬਲਵੀਰ ਸਰਾਜਪੁਰ, ਹਰਿੰਦਰ ਨੋਨੀ, ਛੱਜੂ ਸਿੰਘ ਧਨੌਰੀ, ਦੀਪੀ ਕਕਰਾਲਾ, ਕਰਮਜੀਤ ਕੌਰ ਸੁਰਾਜਪੁਰ, ਕਰਮਜੀਤ ਕਾਹਨਗੜ੍ਹ, ਸੁਖਪਾਲ ਕਾਦਰਾਬਾਦ, ਅਮਰ ਸਿੰਘ, ਖੇਮ ਸਿੰਘ ਨਰਮਾਣਾ ਆਦਿ ਕਮੇਟੀ ਆਗੂਆਂ ਸਮੇਤ ਇਸਤਰੀ ਜਾਗਰਤੀ ਮੰਚ ਦੀ ਆਗੂ ਅਮਨ ਦਿਓਲ ਤੇ ਕੁਲਦੀਪ ਕੌਰ, ਗੈਸ ਏਜੰਸੀ ਵਰਕਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਬਿੱਲਾ ਅਤੇ ਐੱਸਸੀ ਬੀਸੀ ਟੀਚਰ ਯੂਨੀਅਨ ਦੇ ਨੁਮਾਇੰਦੇ ਅਮਰ ਸਿੰਘ ਨੇ ਵੀ ਸੰਬੋਧਨ ਕੀਤਾ।