ਖੇਤਰੀ ਪ੍ਰਤੀਨਿਧ
ਪਟਿਆਲਾ, 30 ਜੁਲਾਈ
ਪਿਛਲੇ ਦਿਨੀਂ ਕੋਵਿਡ ਟੀਕਾਕਰਨ ਮੌਕੇ ਸਿਹਤ ਮੁਲਾਜ਼ਮਾਂ ਅਤੇ ਪੀਆਰਟੀਸੀ ਦੇ ਇੱਕ ਅਧਿਕਾਰੀ ਦਰਮਿਆਨ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, ‘ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ’ ਨੇ ਪੀਆਰਟੀਸੀ ਦੇ ਸਬੰਧਤ ਅਧਿਕਾਰੀ ’ਤੇ ਬਾਹਰੋਂ ਬੰਦੇ ਸੱਦ ਕੇ ਸਿਹਤ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੀ ਨਿਖੇਧੀ ਕੀਤੀ ਹੈ। ਇਸ ਦੇ ਰੋਸ ਵਜੋਂ ਇੱਥੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ, ਸਬੰਧਤ ਅਧਿਕਾਰੀ ਅਤੇ ਬਾਹਰੋਂ ਆਏ ਉਸ ਦੇ ਬੰਦਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਡੀਸੀ ਅਤੇ ਐੱਸਐੱਸਪੀ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਧਰਨੇ ਦੀ ਅਗਵਾਈ ਕਰਦਿਆਂ, ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਐਲਾਨ ਕੀਤਾ ਕਿ ਜੇ ਕਾਰਵਾਈ ਨਾ ਕੀਤੀ ਗਈ ਤਾਂ ਪਹਿਲੀ ਅਗਸਤ ਨੂੰ ਮੁੜ ਐੱਸਐੱਸਪੀ ਦੇ ਦਫ਼ਤਰ ਦੇ ਬਾਹਰ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੌਰਾਨ ਨਿੱਤ ਦਿਨ ਕਿਤੇ ਨਾ ਕਿਤੇ ਮੁਲਾਜ਼ਮਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੇ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਧਰਨੇ ’ਚ ਜਗਮੋਹਨ ਨੌਲੱਖਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਮਾਧੋ ਰਾਹੀ, ਰਾਮ ਕਿਸ਼ਨ, ਸਵਰਨ ਬੰਗਾ ਆਦਿ ਵੀ ਮੌਜੂਦ ਸਨ।
ਇਸੇ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੂੰ ਜ਼ਲੀਲ ਕਰਨ ਦਾ ਵੀ ਮੁਲਾਜ਼ਮਾਂ ਨੇ ਗੰਭੀਰ ਨੋਟਿਸ ਲਿਆ। ਇਸ ਸਬੰਧੀ ਡਾਕਟਰਾਂ ਤੇ ਸਿਹਤ ਅਮਲੇ ਵੱਲੋਂ ਕੀਤੇ ਜਾਣ ਵਾਲ਼ੇ ਪ੍ਰਸਤਾਵਿਤ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ।