ਬਹਾਦਰ ਸਿੰਘ ਮਰਦਾਂਪੁਰ
ਘਨੌਰ, 13 ਮਾਰਚ
ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾਂ ਬ੍ਰਾਂਚ ਨਹਿਰ ਵਿੱਚੋਂ ਪਿੰਡ ਮੰਡੌਲੀ ਨੇੜਿਉਂ ਨਿਕਲਦੇ ਉਦੈਪੁਰ ਮਾਈਨਰ (ਰਜਵਾਹਾ) ਨੂੰ ਪੱਕਾ ਕਰਨ ਸਮੇਂ ਨਹਿਰੀ ਵਿਭਾਗ ਵੱਲੋਂ ਰਜਵਾਹੇ ਦੀ ਕੀਤੀ ਜਾ ਰਹੀ ਡੂੰਘਾਈ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ।
ਰਜਵਾਹੇ ਦੀ ਪੱਕੀ ਉਸਾਰੀ ਪੁਰਾਣੇ ਲੈਵਲ ਅਨੁਸਾਰ ਕਰਵਾਉਣ ਦੀ ਮੰਗ ਲਈ ਅੱਜ ਪਿੰਡ ਹਰੀਮਾਜਰਾ, ਸਲੇਮਪੁਰ ਜੱਟਾਂ, ਅਲਾਮਦੀਪੁਰ, ਰੁੜਕਾ, ਰੁੜਕੀ, ਬਹਾਵਲਪੁਰ, ਲੰਜਾਂ ਅਤੇ ਬਘੋਰਾ ਸਮੇਤ ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੇ ਆਗੂਆਂ ਗੁਰਦੀਪ ਸਿੰਘ ਰੁੜਕੀ, ਚਰਨਜੀਤ ਸਿੰਘ ਝੁੰਗੀਆਂ, ਭਗਵਾਨ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ ਅਤੇ ਜਗਤਾਰ ਸਿੰਘ ਦੀ ਸਾਂਝੀ ਅਗਵਾਈ ਵਿੱਚ ਰਜਵਾਹੇ ਨੇੜੇ ਰੋਸ ਧਰਨਾ ਦਿੱਤਾ ਗਿਆ।
ਕਿਸਾਨਾਂ ਦਾ ਕਹਿਣਾ ਸੀ ਕਿ ਰਜਵਾਹੇ ਨੂੰ ਪੱਕਾ ਕਰਨ ਸਮੇਂ ਨਹਿਰੀ ਵਿਭਾਗ ਵੱਲੋਂ ਰੁੜਕਾ ਤੇ ਰੁੜਕੀ ਨੇੜਿਉਂ ਰਜਵਾਹੇ ਨੂੰ ਆਮ ਨਾਲੋਂ 3 ਫੁੱਟ ਡੂੰਘਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਰਜਵਾਹੇ ਵਿੱਚੋਂ ਲੰਘਣ ਵਾਲੇ ਪਾਣੀ ਦਾ ਪੱਧਰ ਨੀਵਾਂ ਰਹਿਣ ’ਤੇ ਸਬੰਧਿਤ ਪਿੰਡਾਂ ਦੇ ਕਿਸਾਨਾਂ ਨੂੰ ਸਿੰਜਾਈ ਲਈ ਉਕਤ ਰਜਵਾਹੇ ਵਿੱਚੋਂ ਮਿਲਣ ਵਾਲਾ ਪਾਣੀ ਨਹੀਂ ਮਿਲ ਸਕੇਗਾ ਅਤੇ ਕਿਸਾਨਾਂ ਦੀ ਫਸਲਾਂ ਸੋਕੇ ਦੀ ਮਾਰ ਹੇਠ ਆਉਣਗੀਆਂ। ਕਿਸਾਨਾਂ ਨੇ ਮੰਗ ਕੀਤੀ ਕਿ ਰਜਵਾਹੇ ਦੀ ਡੂੰਘਾਈ ਦਾ ਪੱਧਰ ਪੁਰਾਣੇ ਲੈਵਲ ਅਨੁਸਾਰ ਰੱਖਿਆ ਜਾਵੇ। ਜਦੋਂ ਤੱਕ ਵਿਭਾਗ ਉਨ੍ਹਾਂ ਦੀ ਮੰਗ ’ਤੇ ਅਮਲ ਨਹੀਂ ਕਰਦਾ ਤਾਂ ਕਿਸਾਨਾਂ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਸੰਪਰਕ ਕਰਨ ’ਤੇ ਨਹਿਰੀ ਵਿਭਾਗ ਦੇ ਐਕਸੀਅਨ ਜਸਦੀਪ ਕੌਰ ਜਵੰਧਾ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸਹੂਲਤ ਲਈ ਰਜਵਾਹੇ ਦੀ ਪੱਕੀ ਉਸਾਰੀ ਨਕਸ਼ੇ ਮੁਤਾਬਿਕ ਕੀਤੀ ਜਾ ਰਹੀ ਹੈ ਜਿਸ ਦਾ ਕੁਝ ਕਿਸਾਨ ਵਿਰੋਧ ਕਰ ਰਹੇ ਹਨ ਅਤੇ 10 ਦਿਨਾਂ ਤੋਂ ਰਜਵਾਹੇ ਦੀ ਉਸਾਰੀ ਦਾ ਕੰਮ ਰੋਕੀ ਬੈਠੇ ਹਨ। ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ। ਜਲਦੀ ਹੀ ਰਜਵਾਹੇ ਦੀ ਉਸਾਰੀ ਮੁੜ ਆਰੰਭ ਹੋ ਜਾਵੇਗੀ।