ਪੱਤਰ ਪ੍ਰੇਰਕ
ਘਨੌਰ, 8 ਮਾਰਚ
ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਪਿੰਡ ਮੰਡੌਲੀ ਨੇੜਿਉਂ ਨਿਕਲਦੇ ਉਦੈਪੁਰ ਮਾਈਨਰ ਨੂੰ ਪੱਕਾ ਕਰਨ ਸਮੇਂ ਸਬੰਧਤ ਠੇਕੇਦਾਰ ਵੱਲੋਂ ਨਿਯਮਾਂ ਦੇ ਉਲਟ ਕੀਤੀ ਜਾ ਰਹੀ ਡੂੰਘਾਈ ਨੂੰ ਲੈ ਕੇ ਇਸ ਖੇਤਰ ਦੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਰੁੜਕਾ, ਰੁੜਕੀ, ਬਹਾਵਲਪੁਰ, ਸਰਾਲਾ, ਹਰੀਮਾਜਰਾ, ਅਲਾਮਦੀਪੁਰ ਅਤੇ ਸਲੇਮਪੁਰ ਜੱਟਾਂ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਰਜਵਾਹੇ ਨੂੰ ਪੱਕਾ ਕਰ ਰਹੇ ਠੇਕੇਦਾਰ ਵੱਲੋਂ ਪਿੰਡ ਰੁੜਕਾ, ਰੁੜਕੀ ਨੇੜਿਉਂ ਆਮ ਨਾਲੋਂ ਰਜਵਾਹੇ ਨੂੰ 2-3 ਫੁੱਟ ਡੂੰਘਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਪਾਣੀ ਦਾ ਪੱਧਰ ਨੀਵਾਂ ਰਹਿਣ ’ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਉਕਤ ਰਜਵਾਹੇ ਵਿੱਚੋਂ ਮੋਘਿਆਂ ਰਾਹੀਂ ਮਿਲਣ ਵਾਲਾ ਪਾਣੀ ਨਹੀਂ ਮਿਲ ਸਕੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਰਜਵਾਹੇ ਦੀ ਡੂੰਘਾਈ ਦਾ ਲੈਵਲ ਪੁਰਾਣੇ ਪੱਧਰ ’ਤੇ ਰੱਖਿਆ ਜਾਵੇ। ਜਦੋਂ ਤੱਕ ਉਨ੍ਹਾਂ ਦੀ ਮੰਗ ’ਤੇ ਅਮਲ ਨਹੀਂ ਹੁੰਦਾ ਧਰਨਾ ਜਾਰੀ ਰਹੇਗਾ। ਇਸ ਸਬੰਧੀ ਸੰਪਰਕ ਕਰਨ ’ਤੇ ਨਹਿਰੀ ਵਿਭਾਗ ਦੇ ਨਿਗਰਾਨ ਇੰਜਨੀਅਰ ਗੁਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਤਕਨੀਕੀ ਜਾਣਕਾਰੀ ਦੀ ਘਾਟ ਕਾਰਨ ਕੁਝ ਲੋਕ ਰਜਵਾਹੇ ਦੀ ਪੱਕੀ ਉਸਾਰੀ ਦਾ ਵਿਰੋਧ ਕਰ ਰਹੇ ਹਨ। ਪ੍ਰੰਤੂ ਵਿਭਾਗ ਵੱਲੋਂ ਤਕਨੀਕ ਅਨੁਸਾਰ ਉਸਾਰੀ ਕਰਵਾਈ ਜਾ ਰਹੀ ਹੈ। ਸਬੰਧਤ ਐਕਸੀਅਨ ਤੋਂ ਇਸ ਸਬੰਧੀ ਰਿਪੋਰਟ ਲੈ ਕੇ ਕੋਈ ਨਾ ਕੋਈ ਹੱਲ ਜ਼ਰੂਰ ਲੱਭਿਆ ਜਾਵੇਗਾ।