ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 10 ਅਗਸਤ
ਗੁਰਦੁਆਰਾ ਅਰਦਾਸਪੁਰਾ ਸਾਹਿਬ ਕਲਿਆਣ ਵਿਚ 100 ਸਾਲਾ ਪੁਰਾਤਨ ਪਾਵਨ ਸਰੂਪ ਗੁਮ ਹੋਣ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਵਿਚ ਅੱਜ ਤੀਜੇ ਦਿਨ ਸਾਬਕਾ ਮੰਤਰੀ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਗਵਾਈ ਵਿੱਚ ਐੱਸਐੱਸਪੀ ਪਟਿਆਲਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।
ਧਰਨੇ ਦੀ ਸ਼ੁਰੂਆਤ ਸੰਗਤ ਨੇ ਮੂਲ ਮੰਤਰ ਤੇ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਕੀਤੀ। ਸ੍ਰੀ ਰੱਖੜਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਕਲਿਆਣ ਤੋਂ ਪੁਰਾਤਨ ਸਫਰੀ ਸਰੂਪ ਗੁਮ ਹੋਏ ਨੂੰ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਾ ਚੁੱਕਿਆ ਜਾਣਾ ਸਪੱਸ਼ਟ ਕਰਦਾ ਹੈ ਕਿ ਸਿੱਖਾਂ ਦੇ ਮਸਲਿਆਂ ਪ੍ਰਤੀ ਕਾਂਗਰਸ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ ਹੈ।
ਉਨ੍ਹਾਂ ਕਿਹਾ ਕਿ ਜੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ੋਰਦਾਰ ਢੰਗ ਨਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਸ੍ਰੀ ਰੱਖੜਾ ਨੇ ਕਿਹਾ ਕਿ ਸਰੂਪ ਚੋਰੀ ਹੋਣ ਦੀ ਕਾਰਵਾਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਵੀ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਦੀ ਵਰਤੋਂ ਹੀ ਕਾਂਗਰਸ ਨੇ ਬੇਅਦਬੀ ਕੇਸਾਂ ਮਗਰੋਂ ਸਿੱਖ ਭਾਈਚਾਰੇ ਦਾ ਧਿਆਨ ਵੰਡਣ ਵਾਸਤੇ ਵੀ ਕੀਤੀ ਸੀ ਤੇ ਹੁਣ ਉਨ੍ਹਾਂ ਹੀ ਜਥੇਬੰਦੀਆਂ ਨੂੰ ਵਰਤਿਆ ਜਾਵੇਗਾ।
ਸਮਾਣਾ ਵਿਚ ਸੰਗਤ ਵੱਲੋਂ ਰੋਸ ਮਾਰਚ
ਸਮਾਣਾ (ਅਸ਼ਵਨੀ ਗਰਗ): ਪਿੰਡ ਕਲਿਆਣ ਸਥਿਤ ਗੁਰਦੁਆਰਾ ਅਰਦਾਸਪੁਰਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ 100 ਸਾਲਾ ਸਰੂਪ ਦੇ ਚੋਰੀ ਹੋਣ ਨਾਲ ਸਿੱਖ ਹਿਰਦੇ ਪੂਰੀ ਤਰਾਂ ਵਲੂੰਧਰੇ ਗਏ ਹਨ। ਇਸ ਨੂੰ ਲੈ ਕੇ ਅੱਜ ਸਮਾਣਾ ਵਿੱਚ ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਵਾਹਿਗੁਰੂ ਦਾ ਜਾਪ ਕਰਦਿਆਂ ਰੋਸ ਮਾਰਚ ਕੀਤਾ ਗਿਆ। ਇਸ ਅਵਸਰ ’ਤੇ ਰੋਸ ਮਾਰਚ ਵਿੱਚ ਮੌਜੂਦ ਸੰਗਤਾਂ ਨੇ ਹੱਥਾ ਵਿੱਚ ਵੱਖ ਵੱਖ ਤਰ੍ਹਾਂ ਦੇ ਸਲੋਗਨ ਲਿਖੀਆਂ ਤਖਤੀਆਂ ਫੜੀਆਂ ਹੋਈਆ ਸਨ। ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਰਾਜਲਾ ਨੇ ਕਿਹਾ ਕਿ ਇਸ ਤੋ ਪਹਿਲਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ 267 ਗੁਰੂ ਸਾਹਿਬ ਦੇ ਚੋਰੀ ਹੋਏ ਸਰੂਪਾਂ ਦਾ ਅਜੇ ਤੱਕ ਪਤਾ ਨਹੀ ਲੱਗਿਆ ਤੇ ਅਕਾਲੀਆਂ ਦੇ ਰਾਜ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤੇ ਹੁਣ ਕਾਂਗਰਸ ਦੇ ਰਾਜ ਵਿੱਚ ਵੀ ਸਰੂਪ ਚੋਰੀ ਹੋਣਾ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੱਜ ਦਾ ਇਹ ਸ਼ਾਂਤਮਈ ਰੋਸ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਖ਼ਿਲਾਫ ਹੈ। ਜਥੇਦਰ ਰਾਜਲਾ ਨੇ ਕਿਹਾ ਕਿ ਜੋ ਕਾਗਰਸ ਪਹਿਲਾਂ ਅਕਾਲੀਆਂ ਦੀ ਸਰਕਾਰ ਵੇਲੇ ਚੋਰੀ ਹੋਏ ਸਰੂਪਾਂ ਨੂੰ ਲੈ ਕੇ ਵੱਡੇ ਵੱਡੇ ਬਿਆਨ ਦਿੰਦੀ ਸੀ, ਹੁਣ ਉਸ ਦੇ ਰਾਜ ’ਚ ਸਰੂਪ ਚੋਰੀ ਹੋਣ ਲੱਗੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਮੂਹ ਗੁਰੂਧਾਮਾ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ ਤਾਂ ਜੋ ਲੋਕ ਸਰਕਾਰਾਂ ਦੇ ਰਾਜ ’ਚ ਅਮਨ ਨਾਲ ਰਹਿ ਸਕਣ। ਜਥੇਦਾਰ ਰਾਜਲਾ ਨੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।