ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 30 ਜੁਲਾਈ
ਸ਼ਹਿਰ ਵਿਚ ਵੱਡੀ ਗਿਣਤੀ ਵਿਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਸੰਭਾਲ ’ਚ ਫੇਲ੍ਹ ਹੋਈ ਨਗਰ ਕੌਂਸਲ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਮਨਦੀਪ ਸਰਾਓ ਦੀ ਅਗਵਾਈ ਹੇਠ ਕੌਂਸਲ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਪਾਰਟੀ ਦੀ ਸੂਬਾ ਖ਼ਜ਼ਾਨਚੀ ਅਤੇ ਇੰਚਾਰਜ ਹਲਕਾ ਰਾਜਪੁਰਾ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀਮਤੀ ਮਿੱਤਲ ਅਤੇ ਬਲਾਕ ਪ੍ਰਧਾਨ ਦਿਨੇਸ਼ ਮਹਿਤਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਰਾਜਪੁਰਾ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜੋ ਕਿ ਸੜਕਾਂ ਉੱਪਰ ਆਮ ਹੀ ਘੁੰਮਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਪਸ਼ੂਆਂ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਨੇ। ਉਨ੍ਹਾਂ ਕਿਹਾ ਕਿ ਅੱਜ ਆਮ ਨਾਗਰਿਕ ਹਰ ਖ਼ਰੀਦੀ ਹੋਈ ਵਸਤੂ ਅਤੇ ਰੋਜ਼ਮਰ੍ਹਾ ਦੀ ਵਰਤੋਂ ਵਿਚ ਆਉਣ ਵਾਲੀਆਂ ਸਹੂਲਤਾਂ ਦੇ ਭੁਗਤਾਨ ਵਿਚ ਗਊਸੈੱਸ ਅਦਾ ਕਰ ਰਿਹਾ ਹੈ, ਜਿਸ ਨਾਲ ਨਗਰ ਕੌਂਸਲ ਕੋਲ ਕਰੋੜਾਂ ਰੁਪਏ ਇਕੱਤਰ ਹੋ ਰਹੇ ਹਨ ਪਰ ਬੇਸਹਾਰਾ ਗਊਆਂ ਬਾਹਰ ਸੜਕਾਂ ਉੱਪਰ ਘੁੰਮ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਗਊ ਸੈੱਸ ਤੋਂ ਇਕੱਤਰ ਹੋ ਰਿਹਾ ਪੈਸਾ ਕਿਧਰ ਜਾ ਰਿਹਾ ਹੈ।
ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਨਗਰ ਕੌਂਸਲ ਪ੍ਰਧਾਨ ਕੋਲ ਇਹ ਮਾਮਲਾ ਰੱਖਿਆ ਤਾਂ ਉਨ੍ਹਾਂ ਨੇ ਸਮੱਸਿਆ ਦਾ ਹੱਲ ਕਰਨ ਦੀ ਬਜਾਇ ਉਲਟਾ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਬੇਸਹਾਰਾ ਪਸ਼ੂਆਂ ਦੇ ਪ੍ਰਬੰਧਨ ਨੂੰ ਸੁਚਾਰੂ ਤਰੀਕੇ ਨਾਲ ਨਾ ਚਲਾਉਣ ‘ਤੇ ਨਗਰ ਕੌਂਸਲ ਪ੍ਰਧਾਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਾਜਪੁਰਾ ਬੇਸਹਾਰਾ ਪਸ਼ੂਆਂ ਦੇ ਪ੍ਰਬੰਧਨ ਵਿਚ ਫੇਲ੍ਹ ਸਾਬਤ ਹੋਇਆ ਹੈ।
ਇਸ ਮੌਕੇ ‘ਤੇ ਸ਼ਸ਼ੀ ਬਾਲਾ ਬਲਾਕ ਪ੍ਰਧਾਨ ਮਹਿਲਾ ਵਿੰਗ, ਇੰਦੂ ਦੇਹਰਾ ਜ਼ਿਲ੍ਹਾ ਸੈਕਟਰੀ ਮਹਿਲਾ ਵਿੰਗ, ਨੀਤੂ ਬੰਸਲ, ਮੇਜਰ ਸਿੰਘ ਚਨਾਲੀਆ, ਚੰਨਣ ਸਿੰਘ, ਅਮਿੱਤ, ਜਗਤਾਰ ਸਿੰਘ, ਅਜੀਤ ਸਿੰਘ, ਰਘਵੀਰ ਸਿੰਘ, ਬਲਜਿੰਦਰ ਸਿੰਘ, ਅਨੀਤਾ ਰਾਣੀ, ਗਗਨ, ਅਭਿਸ਼ੇਕ, ਬਲਵਿੰਦਰ ਕੌਰ, ਪ੍ਰਤੀਕ ਚੋਪੜਾ, ਟਿੰਕੂ ਬੰਸਲ, ਹਰਪ੍ਰੀਤ ਸਿੰਘ ਧਮੌਲੀ ਆਦਿ ਮੌਜੂਦ ਸਨ।