ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 20 ਨਵੰਬਰ
ਸਬ ਡਿਵੀਜ਼ਨ ਦੁਧਨਸਾਧਾਂ ਦੇਵੀਗੜ੍ਹ ਦਾ ਇਕੋ-ਇੱਕ ਨਹਿਰੀ ਵਿਸ਼ਰਾਮ ਘਰ ਅੱਜ-ਕੱਲ੍ਹ ਆਖਰੀ ਸਾਹਾਂ ’ਤੇ ਹੈ, ਜਿਸ ਦੀ ਇਮਾਰਤ ਖੰਡਰ ਬਣੀ ਹੋਈ ਹੈ। ਇਸ ਸਬੰਧੀ ਜੀ.ਓ.ਜੀ. ਤਹਿਸੀਲ ਦੁਧਨਸਾਧਾਂ ਦੀ ਟੀਮ ਨੇ ਜਦੋਂ ਇਸ ਵਿਸ਼ਰਾਮ ਘਰ ਦਾ ਦੌਰਾ ਕੀਤਾ ਤਾਂ ਪਤਾ ਲੱਗਿਆ ਕਿ ਇਸ ਨਹਿਰੀ ਵਿਸ਼ਰਾਮ ਘਰ ਲਈ ਦੇਵੀਗੜ੍ਹ ਸਰਕਲ ਵਿੱਚ 9 ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਵਿੱਚ ਇੱਕ ਮਾਲੀ, ਇੱਕ ਮੇਟ ਤੇ ਸੱਤ ਬੇਲਦਾਰ ਹਨ। ਇਸ ਫੀਲਡ ਵਿੱਚ ਪੰਜ ਬੇਲਦਾਰ ਤੇ ਇੱਕ ਮੇਟ ਰਹਿੰਦੇ ਹਨ। ਜੀ.ਓ.ਜੀ. ਨੇ ਦੱਸਿਆ ਕਿ ਇਸ ਨਹਿਰੀ ਵਿਸ਼ਰਾਮ ਘਰ ਦੀ ਕੋਈ ਦੇਖਭਾਲ ਨਾ ਹੋਣ ਕਰਕੇ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਇਸ ਬਾਰੇ ਕਈ ਵਾਰ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਪਰ ਕਿਸੇ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਉਨ੍ਹਾਂ ਦੱਸਿਆ ਕਿ ਸੱਤ ਮਹੀਨੇ ਪਹਿਲਾਂ ਇੱਥੇ ਭਿਆਨਕ ਤੂਫਾਨ ਆਇਆ ਸੀ ਜਿਸ ਨਾਲ ਇੱਥੋਂ ਦੇ ਕਾਫੀ ਦਰੱਖਤ ਡਿੱਗ ਗਏ ਸਨ। ਇਨ੍ਹਾਂ ਨੂੰ ਅੱਜ ਤੱਕ ਚੁੱਕਿਆ ਨਹੀਂ ਗਿਆ ਅਤੇ ਅੱਜ ਵੀ ਉਸੇ ਤਰ੍ਹਾਂ ਡਿੱਗੇ ਪਏ ਹਨ। ਇਹ ਵਿਸ਼ਰਾਮ ਘਰ ਇੱਕ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ। ਗਮਲੇ ਸੁੱਕ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤਾੜਿਆ ਜਾਵੇ, ਜੋ ਕਰਮਚਾਰੀ ਕੋਠੀਆਂ ਵਿੱਚ ਤਾਇਨਾਤ ਹਨ ਉਨ੍ਹਾਂ ਨੂੰ ਆਪਣੀ ਜਗ੍ਹਾ ’ਤੇ ਡਿਊਟੀ ’ਤੇ ਭੇਜਿਆ ਜਾਵੇ।