ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 1 ਮਾਰਚ
ਇਸ ਕਸਬੇ ਵਿੱਚਲੇ ਖਸਤਾ ਹਾਲ ਪੁਰਾਣੇ ਬੱਸ ਅੱਡੇ ਨੂੰ ਢਾਹ ਕੇ ਨਵਾਂ ਬੱਸ ਅੱਡਾ ਬਣਾਉਣ ਲਈ ਪ੍ਰਬੰਧਕੀ ਵਿਭਾਗ ਵੱਲੋਂ ਪ੍ਰਵਾਨਗੀ ਮਿਲਣ ’ਤੇ ਟੈਂਡਰ ਲਗਾਏ ਗਏ ਸਨ ਪਰ ਟਰਾਂਸਪੋਰਟ ਵਿਭਾਗ ਵੱਲੋਂ ਪੈਸੇ ਨਾ ਮਿਲਣ ਕਾਰਨ ਇਸ ਅੱਡੇ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਹ ਜਾਣਕਾਰੀ ਪੰਚਾਇਤੀ ਵਿਭਾਗ ਦੇ ਐਕਸੀਅਨ ਮੁਲਤਾਨੀ ਨੇ ਦਿੱਤੀ।
ਐਕਸੀਅਨ ਮੁਲਤਾਨੀ ਨੇ ਦੱਸਿਆ ਕਿ ਦੇਵੀਗੜ੍ਹ ਬੱਸ ਅੱਡੇ ਲਈ ਟ੍ਰਾਂਸਪੋਰਟ ਵਿਭਾਗ ਨੇ ਕਿਸੇ ਬੈਂਕ ਤੋਂ ਲੋਨ ਲੈਣਾ ਸੀ ਪਰ ਕਿਸੇ ਕਾਰਨ ਉਹ ਪੈਸਾ ਅਜੇ ਤੱਕ ਨਹੀਂ ਮਿਲਿਆ, ਜਿਸ ਕਾਰਨ ਇਸ ਅੱਡੇ ਨੂੰ ਬਣਾਉਣ ਦਾ ਕੰਮ ਰੁਕਿਆ ਪਿਆ ਹੈ। ਇਸ ਤੋਂ ਇਲਾਵਾ ਚੋਣਾਂ ਕਰਕੇ ਜ਼ਾਬਤਾ ਲੱਗਣ ਕਾਰਨ ਸਾਰਾ ਕੰਮ ਰੁਕਿਆ ਪਿਆ ਹੈ। ਉਨ੍ਹਾਂ ਦੱਸਿਆ ਕਿ 12 ਮਾਰਚ ਤੋਂ ਬਾਅਦ ਕੰਮ ਸ਼ੁਰੂ ਹੋਣ ਦੀ ਉਮੀਦ ਹੈ ਪਰ ਅਜੇ ਅੱਡਾ ਨਾ ਬਣਨ ਕਰਕੇ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਅਤੇ ਸਵਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਡੇ ਦੇ ਨਾਲ ਨਾਲ ਪਖਾਨਾ ਅਤੇ ਪੀਣ ਵਾਲੇ ਪਾਣੀ ਦੀ ਟੈਂਕੀ ਵੀ ਟੁੱਟੀ ਪਈ ਹੈ। ਇੱਥੇ ਦੱਸਣਯੋਗ ਹੈ ਕਿ ਪਟਿਆਲਾ-ਪਹੇਵਾ ਵਾਇਆ ਦੇਵੀਗੜ੍ਹ ’ਤੇ ਬੱਸਾਂ ਦੀ ਭਾਰੀ ਆਮਦ ਰਹਿੰਦੀ ਹੈ ਪਰ ਇੱਥੇ ਉਸ ਹਿਸਾਬ ਨਾਲ ਬੱਸ ਅੱਡਾ ਨਹੀਂ ਹੈ, ਜਿਸ ਕਰਕੇ ਨਵਾ ਬੱਸ ਅੱਡਾ ਬਣਾਉਣ ਦੀ ਭਾਰੀ ਜ਼ਰੂਰਤ ਸੀ।