ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 26 ਸਤੰਬਰ
‘ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਸਾਰੇ ਦੇਸ਼ ਵਿੱਚ ਰੋਸ ਪੈਦਾ ਹੋ ਗਿਆ ਹੈ ਅਤੇ ਲੋਕ ਥਾਂ-ਥਾਂ ਮੋਦੀ ਦੇ ਪੁਤਲੇ ਫੂਕ ਕੇ ਇਹ ਰੋਸ ਪ੍ਰਗਟਾ ਰਹੇ ਹਨ ਕਿ ਮੋਦੀ ਨੇ ਦੇਸ਼ ਦੇ ਅੰਨਦਾਤੇ ਅਤੇ ਆੜ੍ਹਤੀਆਂ ਵਿਰੁੱਧ ਇੰਨਾ ਵੱਡਾ ਫ਼ੈਸਲਾ ਬਿਨਾਂ ਕਿਸਾਨ ਜਥੇਬੰਦੀਆਂ ਦੀ ਸਲਾਹ ਦੇ ਕਿਵੇਂ ਲੈ ਲਿਆ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੁਧਨਸਾਧਾਂ ਦੇ ਚੇਅਰਮੈਨ ਜੀਤ ਸਿੰਘ ਮੀਰਾਂਪੁਰ ਅਤੇ ਵਾਈਸ ਚੇਅਰਮੈਨ ਰਮੇਸ਼ ਲਾਂਬਾ ਨੇ ਅੱਜ ਅਨਾਜ ਮੰਡੀ ਦੇਵੀਗੜ੍ਹ ਵਿੱਚ ਆੜ੍ਹਤੀਆਂ ਵੱਲੋਂ ਮੋਦੀ ਖ਼ਿਲਾਫ਼ ਦਿੱਤੇ ਧਰਨੇ ਅਤੇ ਮੋਦੀ ਦਾ ਪੁਤਲਾ ਸਾੜਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਮੀਰਾਂਪੁਰ ਅਤੇ ਲਾਂਬਾ ਨੇ ਕਿਹਾ ਕਿ ਦੇਸ਼ ਦੇ ਜਿਸ ਅੰਨਦਾਤਾ ਨੇ ਮਾੜੇ ਸਮੇਂ ਵਿੱਚ ਜੰਗਲ ਪੁੱਟ ਕੇ ਖੇਤੀਯੋਗ ਜ਼ਮੀਨ ਬਣਾ ਕੇ ਅਤੇ ਉਸ ਉਪਰ ਖੇਤੀ ਕਰ ਕੇ ਦੇਸ਼ ਦਾ ਅੰਨ ਭੰਡਾਰ ਭਰਿਆ ਹੋਵੇ, ਉਸ ਅੰਨਦਾਤਾ ਦੀ ਅੱਜ ਮੋਦੀ ਸਰਕਾਰ ਨੇ ਕੁਝ ਅਮੀਰਜਾਦਿਆਂ ਨੂੰ ਪਾਲਣ ਲਈ ਇਹ ਹਾਲਤ ਕਰ ਦਿੱਤੀ ਕਿ ਅੱਜ ਉਹ ਆਪਣੀ ਪੱਗ ਬਚਾਉਣ ਲਈ ਸੜਕਾਂ ਤੇ ਰੇਲਾਂ ਦੀਆਂ ਲਾਈਨਾਂ ’ਤੇ ਰੁਲਣ ਲਈ ਮਜਬੂਰ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਸ ਦੀ ਇੱਜ਼ਤ ਦੀ ਪਰਵਾਹ ਨਾ ਕੀਤੀ ਤਾਂ ਸਾਰੇ ਦੇਸ਼ ਦੇ ਕਿਸਾਨ ਅਤੇ ਵਪਾਰੀ ਮੋਦੀ ਖ਼ਿਲਾਫ਼ ਇੱਕ ਲਹਿਰ ਬਣਾ ਕੇ ਇਸ ਦਾ ਤਖ਼ਤਾ ਪਲਟ ਦੇਣਗੇ।
ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਫਰੀਦਪੁਰ, ਸਵਰਨ ਸਿੰਘ ਰਨਵਾਂ ਸਾਬਕਾ ਪ੍ਰਧਾਨ, ਗਣੇਸ਼ੀ ਲਾਲ, ਰਾਜਵੰਤ ਸਿੰਘ ਤੇ ਜਗਦੇਵ ਸਿੰਘ ਮੌਜੂਦ ਸਨ।