ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਸਤੰਬਰ
ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ (ਪੌਲੀਥੀਨ) ’ਤੇ ਮੁਕੰਮਲ ਪਾਬੰਦੀ ਲਾਏ ਜਾਣ ਦੇ ਬਾਵਜੂਦ ਪਟਿਆਲਾ ’ਚ ਪੌਲੀਥੀਨ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਭਾਵੇਂ ਕਿ ਨਗਰ ਨਿਗਮ ਨੇ ਅਜੇ ਦੋ ਦਿਨ ਪਹਿਲਾਂ ਹੀ ਬਾਜ਼ਾਰਾਂ ਵਿਚ ਛਾਪੇ ਮਾਰ ਕੇ 32 ਕਿਲੋ ਪੌਲੀਥੀਨ 10 ਕਿਲੋ ਡਿਸਪੋਜਲ ਸਮੱਗਰੀ ਬਰਾਮਦ ਕਰਦਿਆਂ, ਸਬੰਧਤ ਦੁਕਾਨਦਾਰਾਂ ਨੂੰ ਜੁਰਮਾਨੇ ਤੱਕ ਵੀ ਕੀਤੇ ਜਾ ਚੁੱਕੇ ਹਨ। ਪਰ ਜਿਵੇਂ ਦੁਕਾਨਦਾਰਾਂ ਵੱਲੋਂ ਪੌਲੀਥੀਨ ਦੀ ਵਰਤੋਂ ਕੀਤੀ ਜਾ ਰਹੀ ਹੈ,ਉਸ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ ਜਿਵੇਂ ਨਗਰ ਨਿਗਮ ਵੱਲੋਂ ਅਜਿਹੀ ਕਾਰਵਾਈ ਸਿਰਫ਼ ਖਾਨਾਪੂਰਤੀ ਹੀ ਹੋਵੇ।
ਕਿਸਾਨ ਆਗੂ ਅਤੇ ਸਮਾਜ ਸੇਵੀ ਐਡਵੋਕੇਟ ਪ੍ਰਭਜੀਤਪਾਲ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਲਾਸਟਿਕ ’ਤੇ ਸਖਤੀ ਨਾਲ ਪਾਬੰਦੀ ਲਾਉਣੀ ਚਾਹੀਦੀ ਹੈ। ਉਨ੍ਹਾਂ ਕਿਸਾਨ ਆਗੂ ਜਸਦੇਵ ਨੂਗੀ ਦਾ ਕਹਿਣਾ ਸੀ ਕਿ ਇਸ ਸਬੰਧੀ ਸਰਕਾਰ ਨੂੰ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਉਨ੍ਹਾਂ ਦੀ ਜਵਾਬਦੇਹੀ ਕਰਨੀ ਚਾਹੀਦੀ ਹੈ, ਤਾਂ ਹੀ ਇਸ ਕੰਮ ’ਚ ਸਫਲਤਾ ਮਿਲ ਸਕਦੀ ਹੈ।
ਉਧਰ ਪੰਜਾਬ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਸ੍ਰੀ ਰਾਕੇਸ਼ ਗੁਪਤਾ ਦਾ ਕਹਿਣਾ ਸੀ ਕਿ ਪ੍ਰਧਾਨ ਹੋਣ ਨਾਤੇ ਉਹ ਅਤੇ ਹੋਰ ਅਹੁਦੇਦਾਰ ਵੀ ਦੁਕਾਨਦਾਰਾਂ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਵੈਸੇ ਤਾਂ ਬਹੁਤੇ ਦੁਕਾਨਦਾਰਾਂ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਉਂਜ ਉਨ੍ਹਾਂ ਨੇ ਬਿਨਾ ਝਿਜਕ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਜਿਹੜੇ ਦੁਕਾਨਦਾਰਾਂ ਕੋਲ਼ ਕੋਈ ਸਟਾਕ ਬੱਚਦਾ ਪਿਆ ਹੈ, ਉਹ ਅਜੇ ਵਰਤੋਂ ਕਰਦੇ ਵੀ ਹੋਣਗੇ। ਪਰ ਉਨ੍ਹਾਂ ਦੀ ਕੋਸਿਸ਼ ਹੈ ਕਿ ਸਾਰੇ ਦੁਕਾਨਦਾਰ ਸਰਕਾਰ ਨੂੰ ਸਹਿਯੋਗ ਦਿੰਦਿਆਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ। ਪ੍ਰਧਾਨ ਰਾਕੇਸ਼ ਗੁਪਤਾ ਨੇ ਨਾਲ਼ ਹੀ ਇਹ ਵੀ ਆਖਿਆ ਕਿ ਸਰਕਾਰ ਚਾਹੀਦਾ ਹੈ ਕਿ ਉਹ ਇਸ ਸਬੰਧੀ ਸਾਰੇ ਵਰਗਾਂ ’ਤੇ ਪਾਬੰਦੀ ਲਾਵੇ। ਉਨ੍ਹਾਂ ਕਿਹਾ ਕਿ ਦੁੱਧ ਦੀ ਸਪਲਾਈ ਅਜੇ ਵੀ ਪਲਾਸਟਿਕ ਦੇ ਲਿਫਾਫਿਆਂ ’ਚ ਕੀਤੀ ਜਾ ਰਹੀ ਹੈ। ਇਸੇ ਤਰਾਂ ਉਨ੍ਹਾਂ ਨੇ ਨਮਕੀਨ, ਬਰੈਡ ਅਤੇ ਘਿਓ ਸਮੇਤ ਕਈ ਹੋਰ ਵਸਤਾਂ ਲਈ ਵੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕੀਤੇ ਜਾਣ ਦੀ ਗੱਲ ਆਖੀ। ਇਸੇ ਦੌਰਾਨ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉਪਲ ਨਾਲ਼ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਿਗਮ ਵੱਲੋਂ ਸਖਤੀ ਨਾਲ਼ ਪਲਾਸਟਿਕ ਦੀ ਵਰਤੋਂ ਰੋਕੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੱਲ੍ਹ ਤੋਂ ਹੋਰ ਵਧੇਰੇ ਸਰਗਰਮੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਵਰਗ ਵੱਲੋਂ ਇਕ ਵਾਰੀ ਵਰਤੇ ਜਾਣ ਵਾਲ਼ੇ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ।