ਖੇਤਰੀ ਪ੍ਰਤੀਨਿਧ
ਪਟਿਆਲਾ, 4 ਫਰਵਰੀ
ਪਟਿਆਲਾ ਦੇ ਜ਼ਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮਾਂ ਮੁਤਾਬਿਕ ਜ਼ਿਲ੍ਹਾ ਸਿਹਤ ਅਫਸਰ ’ਤੇ ਡਿਊਟੀ ’ਚ ਕੁਤਾਹੀ ਤੇ ਅਣਗਹਿਲੀ ਕਰਨ ਦੇ ਇਲਜ਼ਾਮ ਲੱਗੇ ਹਨ। ਜ਼ਿਕਰਯੋਗ ਹੈ ਕਿ ਇਸ ਵਿਭਾਗ ’ਚ ਇਮਾਨਦਾਰ ਅਧਿਕਾਰੀ ਵਜੋਂ ਜਾਣੀ ਜਾਂਦੀ ਡੀਐੱਚਓ (ਡਿਸਟ੍ਰਿਕਟ ਹੈਲਥ ਅਫਸਰ) ਡਾ. ਸ਼ੈਲੀ ਜੇਤਲੀ ਇਸ ਅਹੁਦੇ ’ਤੇ ਪਿਛਲੇ ਕੁਝ ਸਮੇਂ ਤੋਂ ਤਾਇਨਾਤ ਹਨ।
ਸਿਹਤ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ 3 ਫਰਵਰੀ ਨੂੰ ਹੋਈ ਇਸ ਕਾਰਵਾਈ ਦੌਰਾਨ ਭਾਵੇਂ ਸਥਿਤੀ ਤਾਂ ਸਪੱਸ਼ਟ ਨਹੀਂ ਕੀਤੀ ਗਈ ਕਿ ਸਿਹਤ ਵਿਭਾਗ ਨੇ ਇਸ ਅਧਿਕਾਰੀ ਦੀ ਕਿਹੜੇ ਮਾਮਲੇ ’ਚ ਅਣਗਹਿਲੀ ਅਤੇ ਕੁਤਾਹੀ ਫੜੀ ਹੈ। ਉਧਰ ਮੁਅੱਤਲੀ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੀ ਡੀਐੱਚਓ ਦਾ ਕਹਿਣਾ ਹੈ ਕਿ ਇਹ ਉਸ ਨੂੰ ਇਮਾਨਦਾਰੀ ਦਾ ਸਿਲਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਲੋਕਾਂ ਲਈ ਹੀ ਕੰਮ ਕਰ ਰਹੇ ਸਨ, ਤਾਂ ਜੋ ਕੋਈ ਵੀ ਸ਼ਖਸ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਨਾ ਕਰ ਸਕੇ।
ਇੱਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿਸ ਕੁਤਾਹੀ ਅਤੇ ਅਣਗਹਿਲੀ ਤਹਿਤ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਅੱਤਲੀ ਦੀ ਇਹ ਕਾਰਵਾਈ ਕਰਨ ਲੱਗਿਆਂ, ਉਨ੍ਹਾਂ ਦਾ ਪੱਖ ਵੀ ਨਹੀਂ ਜਾਣਿਆ ਗਿਆ ਅਤੇ ਨਾ ਹੀ ਕਿਸੇ ਮਾਮਲੇ ’ਚ ਜਵਾਬਤਲਬੀ ਕੀਤੀ ਗਈ ਹੈ।