ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 9 ਮਈ
ਲੋਕਾਂ ਨੂੰ ਕੋਵਿਡ ਮਹਾਮਾਰੀ ਤੋਂ ਬਚਾਉਣ ਲਈ ਇੱਥੇ ਅਰਬਨ ਅਸਟੇਟ ਵਿੱਚ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਕੋਵਿਡ ਵੈਕਸੀਨੇਸ਼ਨ ਦਾ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਦਾ ਜਾਇਜ਼ਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਦਿੱਤਾ ਜਾ ਰਿਹਾ ਸਹਿਯੋਗ ਬਹੁਤ ਅਹਿਮ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸੰਸਥਾਵਾਂ ਦਾ ਸਦਾ ਰਿਣੀ ਰਹੇਗਾ। ਕੋਵਿਡ ਵੈਕਸੀਨੇਸ਼ਨ ਦੀ ਨੋਡਲ ਅਫ਼ਸਰ ਡਾ. ਪਰਨੀਤ ਕੌਰ ਨੇ ਦੱਸਿਆ ਕਿ ਰਾਧਾ ਸੁਆਮੀ ਸਤਿਸੰਗ ਘਰਾਂ ’ਚ 50 ਕੈਂਪ ਲਗਾ ਕੇ 8000 ਤੋਂ ਵਧੇਰੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਧਰ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ’ਚ ਭਾਈ ਗੁਰਦਾਸ ਨਰਸਿੰਗ ਕਾਲਜ ਦੀਆਂ ਨਰਸਿੰਗ ਦੀਆਂ ਵਿਦਿਆਥਣਾਂ ਕੋਵਿਡ ਟੀਕਾਕਰਨ ’ਚ ਸਹਿਯੋਗ ਵਜੋਂ ਅੱਜ ਤੋਂ ਪੜਾਅਵਾਰ ਡਿਊਟੀ ਨਿਭਾਉਣਗੀਆਂ। ਕਾਲਜ ਦੇ ਡਾਇਰੈਕਟਰ ਪ੍ਰੋ. ਬਲਦੇਵ ਸਿੰਘ ਬੱਲੂਆਣਾ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਹਸਪਤਾਲ ’ਚ ਡਿਊਟੀ ਦੇਣ ਲਈ ਭੇਜਿਆ ਹੈ।