ਜੈਸਮੀਨ ਭਾਰਦਵਾਜ
ਨਾਭਾ, 1 ਦਸੰਬਰ
ਨਾਭਾ ਦੇ ਇੱਕ ਪਿੰਡ ਵਿੱਚ ਪਿਛਲੇ ਚਾਰ ਸਾਲਾਂ ਤੋਂ ਕਥਿਤ ਤੌਰ ’ਤੇ ਆਪਣੇ ਪਿਤਾ ਵੱਲੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ 13 ਸਾਲਾ ਬੱਚੀ ਅਜੇ ਤੱਕ ਸਰਕਾਰੀ ਮਦਦ ਤੋਂ ਵਾਂਝੀ ਹੈ। ਮੁਲਜ਼ਮ ਦੀ ਮਾਤਾ ਅਤੇ ਭਰਾ ਵੱਲੋਂ ਕਥਿਤ ਤੌਰ ’ਤੇ ਕੇਸ ਵਾਪਸੀ ਦੇ ਦਬਾਅ ਨੂੰ ਨਾ ਮੰਨਣ ’ਤੇ ਬੱਚੀ ਅਤੇ ਉਸ ਦੀ ਮਾਂ ਦੇ ਸਿਰ ਤੋਂ ਛੱਤ ਵੀ ਚਲੀ ਗਈ ਹੈ। ਹੁਣ ਆਪਣੇ ਮਾਮੇ ਦੇ ਘਰ ਰਹਿ ਰਹੀ ਇਸ ਬੱਚੀ ਦੀ ਸਾਰ ਅਜੇ ਤੱਕ ਕਿਸੇ ਮਹਿਕਮੇ ਨੇ ਨਹੀਂ ਲਈ। ਪੀੜਤਾ ਨੂੰ ਬਿਆਨ ਲੈਣ ਲਈ ਵੀ ਪੀੜਤ ਨੂੰ ਥਾਣੇ ਨਹੀਂ ਸੱਦਿਆ ਜਾ ਸਕਦਾ, ਪਰ ਕਾਨੂੰਨ ਤੋਂ ਅਣਜਾਣ ਪੀੜਤਾ ਦੀ ਮਾਂ ਅਤੇ ਮਾਮੇ, ਪੁਲੀਸ ਦੇ ਕਹਿਣ ’ਤੇ ਦੋ ਵਾਰ ਉਸ ਨੂੰ ਥਾਣੇ ਲੈ ਕੇ ਗਏ। ਬੱਚੀ ਦੀ ਮਾਂ ਦੇ ਦੱਸਣ ਮੁਤਾਬਕ ਇੱਕ ਵਾਰ ਤਾਂ ਥਾਣੇ ਵਿੱਚ ਬੱਚੀ ਆਪਣੇ ਪਿਤਾ ਨੂੰ ਦੇਖ ਕੇ ਏਨੀ ਦਹਿਲ ਗਈ ਕਿ ਉਸਨੂੰ ਹਸਪਤਾਲ ਲਿਜਾਣਾ ਪਿਆ। ਬੱਚੀ ਦੀ ਪੜ੍ਹਾਈ ਲਈ ਵਜ਼ੀਫਾ ਵੀ ਜਿਸ ਖਾਤੇ ਵਿੱਚ ਆਉਂਦਾ ਹੈ, ਉਸ ’ਤੇ ਅਜੇ ਵੀ ਪਿਤਾ ਦੇ ਹੀ ਦਸਤਖ਼ਤ ਚੱਲਦੇ ਹਨ ਜਿਸ ਕਾਰਨ ਬੱਚੀ ਉਹ ਵਜ਼ੀਫਾ ਵੀ ਲੈ ਨਹੀਂ ਪਾ ਰਹੀ। ਕਾਨੂੰਨ ਅਨੁਸਾਰ ਕੇਸ ਦਰਜ ਹੋਣ ਦੇ ਇੱਕ ਮਹੀਨੇ ਅੰਦਰ ਜਾਰੀ ਹੋਣ ਵਾਲੀ 2000 ਰੁਪਏ ਮਹੀਨੇ ਦੀ ਸਪਾਂਸਰਸ਼ਿਪ ਵੀ ਅਜੇ ਤੱਕ ਬੱਚੀ ਨੂੰ ਮੁਹੱਈਆ ਨਹੀਂ ਹੋਈ। ਹਾਈ ਕੋਰਟ ਦੀ ਵਕੀਲ ਵੀਨਾ ਕੁਮਾਰੀ ਮੁਤਾਬਕ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੁੱਲ ਮੁਆਵਜ਼ੇ ’ਚੋਂ 50,000 ਰੁਪਏ ਤੱਕ ਬੱਚੀ ਨੂੰ ਇੱਕ ਮਹੀਨੇ ਅੰਦਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਸੀ ਪਰ ਇਸ ਸਬੰਧੀ ਅਜੇ ਕੋਈ ਕਦਮ ਨਹੀਂ ਚੁੱਕੇ ਗਏ। ਭਾਦਸੋਂ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਚਲਾਨ ਭਰਿਆ ਜਾ ਚੁੱਕਿਆ ਹੈ। ਬੱਚੀ ਨੂੰ ਕਥਿਤ ਤੌਰ ’ਤੇ ਥਾਣੇ ਬੁਲਾਉਣ ਵਾਲੇ ਤਫਤੀਸ਼ੀ ਅਫਸਰ ਦਾ ਤਬਾਦਲਾ ਹੋ ਚੁੱਕਾ ਹੈ, ਪਰ ਉਹ ਇਸ ਮਾਮਲੇ ਦੀ ਪੜਤਾਲ ਕਰਨਗੇ।
ਜ਼ਿਲ੍ਹਾ ਬਾਲ ਅਫ਼ਸਰ ਵੱਲੋਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ
ਪਟਿਆਲਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੂੰ ਜਦੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਬੱਚੀ ਦਾ ਵੇਰਵਾ ਅਤੇ ਪਤਾ ਪੁੱਛ ਕੇ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।