ਗੁਰਨਾਮ ਸਿੰਘ ਚੌਹਾਨ
ਪਾਤੜਾਂ, 15 ਜੂਨ
ਖਰੀਦ ਏਜੰਸੀ ਪਨਸਪ ਵੱਲੋਂ ਸ਼ਹਿਰ ਦੇ ਸੰਗਰੂਰ ਰੋਡ ਉੱਤੇ ਸਥਿਤ ਗੁਦਾਮ ਵਿੱਚ ਸਟੋਰ ਕੀਤੀ ਕਣਕ ਦੇ ਥੈਲੇ ਕੁਝ ਸਮੇਂ ਵਿੱਚ ਹੀ ਫਟਣ ਅਤੇ ਬਰਸਾਤ ਕਾਰਨ ਖ਼ਰਾਬ ਹੋਈ ਕਣਕ ਦਾ ਵਜ਼ਨ ਪੂਰਾ ਕਰਨ ਲਈ ਅਧਿਕਾਰੀਆਂ ਵੱਲੋਂ ਕੀਤੀ ਪਰਦਾਪੋਸ਼ੀ ਦਾ ਮਾਮਲਾ ਠੰਢਾ ਪੈਣ ਤੋਂ ਪਹਿਲਾਂ ਹੀ ਪਨਗਰੇਨ ਗੁਦਾਮਾਂ ਵਿੱਚ ਘਪਲੇ ਦੀ ਚਰਚਾ ਸ਼ੁਰੂ ਹੋ ਗਈ ਹੈ। ਇਸ ਦਾ ਪਤਾ ਚੱਲਦੇ ਹੀ ਖੁਰਾਕ ਸਪਲਾਈ ਵਿਭਾਗ ਦੇ ਸਹਾਇਕ ਡਾਇਰੈਕਟਰ ਸੰਜੇ ਸ਼ਰਮਾ ਨੇ ਪਾਤੜਾਂ ਦੇ ਗੁਦਾਮਾਂ ਵਿਚ ਛਾਪਾ ਮਾਰ ਕੇ ਸਟੋਰ ਕੀਤੀ ਕਣਕ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਖੁਰਾਕ ਸਪਲਾਈ ਵਿਭਾਗ ਦੀ ਟੀਮ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਕੂਆਡੇਰੀ ਦੇ ਨਜ਼ਦੀਕ ਪੈਂਦੇ ਓਪਨ ਪਲੰਥ ਅਤੇ ਜਾਖਲ ਰੋਡ ‘ਤੇ ਗੁਦਾਮ ਵਿੱਚ ਸਟੋਰ ਕੀਤੀ ਕਣਕ ਦੇ ਸਟਾਕ ਦੀ ਜਾਂਚ ਕੀਤੀ। ਜਾਂਚ ਟੀਮ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਉੱਤੇ ਪਾਤੜਾਂ ਦੇ ਗੁਦਾਮਾਂ ਵਿੱਚਲੀ ਕਣਕ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰਿਕਾਰਡ ਦਾ ਮਿਲਾਨ ਕਰਨ ਮਗਰੋਂ ਪੂਰੀ ਜਾਣਕਾਰੀ ਦਿੱਤੀ ਜਾ ਸਕੇਗੀ।
ਦੱਸਣਯੋਗ ਹੈ ਕਿ ਪਨਗਰੇਨ ਦੇ ਗੁਦਾਮਾਂ ਵਿੱਚਲੀ ਕਣਕ ਵਿੱਚ ਵੱਡੇ ਘਪਲੇ ਦੀ ਚਰਚਾ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਖਰੀਦ ਏਜੰਸੀ ਦੇ ਅਧਿਕਾਰੀਆਂ ਵੱਲੋਂ ਰਾਤ ਸਮੇਂ ਕਣਕ ਦੇ ਗੱਟੇ ਖੋਲ੍ਹ ਕੇ ਉਨ੍ਹਾਂ ਵਿੱਚੋਂ ਕਣਕ ਕੱਢ ਕੇ ਹੋਰ ਬਾਰਦਾਨੇ ਵਿੱਚ ਭਰ ਕੇ ਥੈਲਿਆਂ ਦੀ ਗਿਣਤੀ ਪੂਰੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਰੌਲਾ ਪਿਆ ਸੀ। ਪਨਗ੍ਰੇਨ ਦੇ ਇੰਸਪੈਕਟਰ ਮਨੋਜ ਕੁਮਾਰ ਨੇ ਕਿਸੇ ਤਰ੍ਹਾਂ ਦੇ ਘਪਲੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਹੀ ਦਿਨਾਂ ਵਿੱਚ ਸਾਰੀ ਤਸਵੀਰ ਸਾਹਮਣੇ ਆ ਜਾਵੇਗੀ।
ਦੋਸ਼ੀ ਮੁਲਾਜ਼ਮ ਬਖ਼ਸ਼ੇ ਨਹੀਂ ਜਾਣਗੇ: ਸਹਾਇਕ ਡਾਇਰੈਕਟਰ
ਸਹਾਇਕ ਡਾਇਰੈਕਟਰ ਖੁਰਾਕ ਸਪਲਾਈ ਵਿਭਾਗ, ਸੰਜੇ ਸ਼ਰਮਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਉੱਤੇ ਉਕਤ ਗੁਦਾਮਾਂ ਵਿੱਚਲੀ ਕਣਕ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰਿਕਾਰਡ ਦੀ ਘੋਖ ਪੜਤਾਲ ਉਪਰੰਤ ਹੀ ਪੂਰੀ ਜਾਣਕਾਰੀ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ ਤੇ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।