ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨਾਮੀ ਅਦਾਰੇ ਇੰਡੀਅਨ ਇੰਸਟੀਚਿਊਟ ਆਫ਼ ਰਿਮੋਟ ਸੈਂਸਿੰਗ ਦੇਹਰਾਦੂਨ ਦੇ ਦੂਰਵਰਤੀ ਸਿੱਖਿਆ ਕੇਂਦਰ ਦਾ ਨੋਡਲ ਸੈਂਟਰ ਬਣਾਇਆ ਗਿਆ ਹੈ। ਵਿਭਾਗ ਦੇ ਮੁਖੀ ਡਾ. ਅਨੂਪ ਠਾਕੁਰ ਨੇ ਦੱਸਿਆ ਕਿ ਇਸ ਨੋਡਲ ਸੈਂਟਰ ਰਾਹੀਂ ਰਿਮੋਟ ਸੈਂਸਿੰਗ ਜਿਓਗ੍ਰਾਫ਼ੀਕਲ ਇਨਫਰਮੇਸ਼ਨ ਸਿਸਟਮ, ਜੀਓ-ਸਪੇਸ਼ੀਅਲ ਤਕਨੀਕ, ਜੀਓ-ਵੈੱਬ ਸਰਵਿਸ, ਜੀਓ-ਕੰਪਿਊਟਿੰਗ, ਉਪਗ੍ਰਹਿਆਂ ਆਦਿ ਵਿਸ਼ਿਆਂ ਉੱਤੇ ਕੋਰਸ ਕਰਵਾਏ ਜਾਣਗੇ। ਇਸ ਨੋਡਲ ਸੈਂਟਰ ਦੇ ਕੋਆਰਡੀਨੇਟਰ ਡਾ. ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਨੋਡਲ ਸੈਂਟਰ ਰਾਹੀਂ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨੋਡਲ ਸੈਂਟਰ ਰਾਹੀਂ ਇਸੇ ਮਹੀਨੇ 19 ਤੋਂ 30 ਸਤੰਬਰ ਦੌਰਾਨ ਦੋ ਹਫ਼ਤੇ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਕੋਰਸ ’ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ’ ਵਿਸ਼ੇ ’ਤੇ ਕਰਵਾਇਆ ਜਾ ਰਿਹਾ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਪ੍ਰਾਪਤੀ ਲਈ ਭੌਤਿਕ ਵਿਭਾਗ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਪਛਾਣ ਗਲੋਬਲ ਪੱਧਰ ਉੱਤੇ ਮੋਹਰੀ ਯੂਨੀਵਰਸਿਟੀਆਂ ਵਿੱਚ ਸਥਾਪਿਤ ਕਰਨ ਲਈ ਅਜਿਹੇ ਕਦਮ ਅਹਿਮ ਸਾਬਤ ਹੋਣਗੇ। ਡੀਨ ਫਿਜ਼ੀਕਲ ਸਾਇੰਸਿਜ਼ ਪ੍ਰੋ. ਸੰਜੀਵ ਪੁਰੀ ਨੇ ਵੀ ਨੋਡਲ ਸੈਂਟਰ ਬਣਨ ’ਤੇ ਵਿਭਾਗ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ