ਖੇਤਰੀ ਪ੍ਰਤੀਨਿਧ
ਪਟਿਆਲਾ, 18 ਦਸੰਬਰ
ਸਾਲ ਦੇ ਅੰਤਲੇ ਮਹੀਨੇ ਦਸੰਬਰ ਮੱਧ ਤੋਂ ਬਾਅਦ ਠੰਢ ਰੋਜ਼ਾਨਾ ਵਧਣ ਲੱਗੀ ਹੈ। ਇਸ ਤੋਂ ਇਲਾਵਾ ਕੁਝ ਦਿਨਾਂ ਤੋਂ ਪੈ ਰਹੀ ਧੁੰਦ ਆਵਜਾਈ ’ਚ ਵਿਘਨ ਦਾ ਕਾਰਨ ਬਣ ਰਹੀ ਹੈ। ਇਸ ਸੀਜ਼ਨ ਦੀ ਸਭ ਤੋਂ ਸੰਘਣੀ ਧੁੰਦ 16 ਦਸੰਬਰ ਦੀ ਸਵੇਰ ਨੂੰ ਪਈ ਸੀ। ਇਸ ਠੰਢ ਦੀ ਇਹ ਪਹਿਲੀ ਧੁੰਦ ਹੋਣ ਕਾਰਨ ਸਫ਼ਰ ਲਈ ਨਿਕਲੇ ਲੋਕਾਂ ਧੁੰਦ ਦਾ ਇਹ ਪਲੇਠਾ ਵਰਤਾਰਾ ਵਧੇਰੇ ਨੁਕਸਦਾਰ ਰਿਹਾ ਕਿਉਂਕਿ ਅਨੇਕਾਂ ਲੋਕ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ’ਚ ਲੇਟ ਹੋਏ। ਇਸੇ ਦੌਰਾਨ 18 ਦਸੰਬਰ ਦੀ ਸਵੇਰ ਨੂੰ ਵੀ ਕਈ ਖੇਤਰਾਂ ’ਚ ਧੁੰਦ ਪਈ। ਮੌਸਮ ਵਿਭਾਗ ਅਨੁਸਾਰ ਅੱਜ ਦੀ ਧੁੰਦ ਕਾਰਨ ਸੌ ਮੀਟਰ ਤੱਕ ਵੀ ਵਾਹਨ ਜਾ ਹੋਰ ਵਸਤਾਂ, ਮਨੁੱਖਾਂ ਅਤੇ ਪਸ਼ੂਆਂ ਆਦਿ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਭਾਵੇਂ ਕਿ ਠੰਢ ’ਚ ਆਵਾਰਾ ਪਸ਼ੂਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਧੁੰਦ ਦੇ ਦਿਨ ਹੋਣ ਕਾਰਨ ਰਾਤ ਨੂੰ ਜਾਂ ਸਵੇਰ ਵਕਤ ਸਫ਼ਰ ਕਰਨ ਵਾਲ਼ੇ ਵਾਹਨ ਚਾਲਕਾਂ ਲਈ ਆਵਾਰਾ ਪਸ਼ੂ ਜਾਨ ਦਾ ਖੌਅ ਬਣੇ ਹੋਏ ਹਨ। ਧੁੰਦ ਕਾਰਨ ਸੜਕ ’ਤੇ ਚਲਦੇ ਪਸ਼ੂਆਂ ਦਾ ਰਾਹਗੀਰਾਂ ਨੂੰ ਪਤਾ ਨਹੀਂ ਲੱਗ ਰਿਹਾ। ਇਸੇ ਦੌਰਾਨ ਅੱਜ ਖੇਤਰ ’ਚ 0.3 ਡਿਗਰੀ ਸੈਲਸੀਅਸ ਤਾਪਮਾਨ ਡਿੱਗਿਆ। ਅੱਜ ਘੱਟ ਤੋਂ ਘੱਟ ਤਾਪਮਾਨ ਸਵੇਰ ਵਕਤ ਘਟ ਕੇ 16.3 ਡਿਗਰੀ ਸੈਲਸੀਅਸ ’ਤੇ ਆ ਗਿਆ ਸੀ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਵੀ ਘਟ ਗਿਆ ਹੈ। ਮੌਸਮ ਮਾਹਿਰਾਂ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਵੱਖ-ਵੱਖ ਖੇਤਰਾਂ ’ਚ ਹਲਕੀ ਬਾਰਸ਼ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
ਉਧਰ, ਛਾਤੀ ਰੋਗਾਂ ਦੇ ਮਾਹਿਰ ਡਾ. ਵਿਕਾਸ ਗੋਇਲ ਨੇ ਕਿਹਾ ਕਿ ਵਧ ਰਹੀ ਠੰਢ ਦੇ ਚੱਲਦਿਆਂ, ਖ਼ਾਸਕਰ ਸਾਹ ਦੇ ਮਰੀਜ਼ਾਂ ਨੂੰ ਹੋਰ ਵੀ ਚੌਕਸੀ ਵਰਤਣ ਦੀ ਲੋੜ ਹੈ। ਉਨ੍ਹਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਧਿਆਨ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।