ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵੱਖ-ਵੱਖ ਥਾਈਂ ਪ੍ਰਦਰਸ਼ਨ

ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵੱਖ-ਵੱਖ ਥਾਈਂ ਪ੍ਰਦਰਸ਼ਨ

ਕਿਰਤੀ ਕਾਲਜ ਨਿਆਲ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਣ ਮੌਕੇ ਇਕੱਠੀਆਂ ਹੋਈਆਂ ਬੀਬੀਆਂ।-ਫੋਟੋ: ਚੌਹਾਨ

ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਕਤੂਬਰ

ਬੁਰਾਈ ਉੱਤੇ ਚੰਗਿਆਈ ਦਾ ਪ੍ਰਤੀਕ ਕਹੇ ਜਾਣ ਵਾਲੇ ਦਸਹਿਰੇ ਦੇ ਤਿਓਹਾਰ ਮੌਕੇ ਯੂਥ ਕਾਂਗਰਸ ਦੇ ਸਾਬਕਾ ਲੋਕ ਸਭਾ ਸੀਨੀਅਰ ਮੀਤ ਪ੍ਰਧਾਨ ਕਰਨ ਗੌੜ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ 10 ਲੋਕ ਵਿਰੋਧੀ ਨੀਤੀਆਂ ਦਾ ਰਾਵਨ ਦਹਨ ਕਰ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਭਗਵਾਨ ਪਰਸ਼ੂਰਾਮ ਚੌਕ ਸਰਹੰਦੀ ਗੇਟ ਵਿਖੇ ਦਹਨ ਕਰਨ ਦੀ ਰਸਮ ਮੇਅਰ ਸੰਜੀਵ ਬਿੱਟੂ ਨੇ ਨਿਭਾਈ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਹਰ ਇਕ ਵਰਗ ਦੀ ਰੋਜ਼ੀ-ਰੋਟੀ ਖੋਹ ਕੇ ਦੇਸ਼ ਦੇ ਕੁੱਝ ਧਨਾਢ ਪਰਿਵਾਰਾਂ ਨੂੰ ਵੰਡਣ ਵਾਲੀ ਕੇਂਦਰ ਸਰਕਾਰ ਤੱਕ ਦਸਹਿਰੇ ਦੇ ਪਾਵਨ ਮੌਕੇ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਕਰਨ ਗੌੜ ਨੇ ਕਿਹਾ ਕਿ ਬਿਨਾਂ ਤਿਆਰੀ ਨੋਟਬੰਦੀ, ਕਿਸਾਨ ਵਿਰੋਧੀ ਬਿਲ, ਬਿਨਾਂ ਤਿਆਰੀ ਜੀਐਸਟੀ, ਅਡਾਨੀ-ਅੰਬਾਨੀ ਸਮੇਤ ਕਈ ਪੂੰਜੀਪਤੀਆਂ ਦੇ ਕਰਜ਼ ਮੁਆਫ ਕਰਨ, ਹਾਥਰਸ ਵਰਗੇ ਸ਼ਰਮਨਾਕ ਕਾਂਡ, ਹਰੇਕ ਭਾਰਤਵਾਸੀ ਦੇ ਖਾਤੇ ਵਿੱਚ 15 ਲੱਖ ਪਾਉਣ ਦਾ ਝੂਠਾ ਵਾਅਦਾ, ਸਰਹੱਦਾਂ ਦੀ ਸੁਰੱਖਿਆ ਕਰਨ ਵਿਚ ਅਸਫਲ, ਹਰੇਕ ਸਾਲ 20 ਕਰੋੜ ਲੋਕਾਂ ਨੂੰ ਨੌਕਰੀ ਦੇਣ ਦਾ ਝੂਠਾ ਵਾਅਦਾ, ਅੰਤਰਰਾਸ਼ਟਰੀ ਪੱਧਰ ਉੱਤੇ ਕੱਚੇ ਤੇਲ ਦਾ ਭਾਅ ਘੱਟ ਹੋਣ ਦੇ ਬਾਅਦ ਵੀ ਤੇਲ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਮਹਿੰਗਾਈ ਨੂੰ ਦੇਸ਼ ਉੱਤੇ ਥੋਪ ਦਿੱਤਾ ਗਿਆ ਹੈ। ਇਸ ਮੌਕੇ ਚੇਅਰਮੈਨ ਕੇਕੇ ਸ਼ਰਮਾ, ਸੰਤੋਖ ਸਿੰਘ, ਕੇਕੇ ਮਲਹੋਤਰਾ, ਸਚਿਨ ਸ਼ਰਮਾ, ਵਿਪਨ ਸ਼ਰਮਾ, ਕਿਰਨ ਢਿੱਲੋਂ, ਕੇਕੇ ਸਹਿਗਲ, ਵੇਦ ਕਪੂਰ, ਅਤੁਲ ਜੋਸ਼ੀ, ਆਦਿ ਮੌਜੂਦ ਸਨ।

ਦੇਵੀਗੜ੍ਹ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਕਿਰਸਾਨੀ ਨੂੰ ਬਰਬਾਦ ਕਰਨ ਲਈ ਜੋ ਤਿੰਨ ਕਾਨੂੰਨ ਬਣਾਏ ਹਨ ਉਸ ਨਾਲ ਕਿਸਾਨੀ ਤਬਾਹੀ ਦੇ ਕੰਢੇ ਆ ਖਲੋਤੀ ਹੈ ਜਿਸ ਲਈ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਇੱਕ ਹੋ ਕੇ ਅਤੇ ਹਮਖਿਆਲੀ ਰਾਜਨੀਤਕ ਪਾਰਟੀ ਨਾਲ ਮਿੱਲ ਕੇ ਇਨ੍ਹਾਂ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਹਨ। ਇਸ ਤਹਿਤ ਹੀ ਅੱਜ ਅਨਾਜ ਮੰਡੀ ਦੂਧਨਸਾਧਾਂ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਰਾਵਣ ਰੂਪੀ ਨਰਿੰਦਰ ਮੋਦੀ ਦਾ ਪੁਤਲਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਦੀ ਅਗਵਾਈ ’ਚ ਫੂਕਿਆ ਗਿਆ। ਨਰਿੰਦਰ ਲੇਹਲਾਂ ਨੇ ਕਿਹਾ ਕਿ ਬੇਸ਼ੱਕ ਮੋਦੀ ਨੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਬਦਲਣ ਵਿਰੁੱਧ ਅੜੀਅਲ ਵਤੀਰਾ ਬਣਾਇਆ ਹੋਇਆ ਹੈ ਪਰ ਪੰਜਾਬ ਦੇ ਕਿਸਾਨ ਇਸ ਅੜੀਅਲ ਪ੍ਰਧਾਨ ਮੰਤਰੀ ਦੀ ਅੜੀ ਤੋੜ ਕੇ ਹਟਣਗੇ। ਇਸ ਮੌਕੇ ਨਰਿੰਦਰ ਸਿੰਘ ਲੇਹਲਾਂ, ਗੁਰਚਰਨ ਸਿੰਘ ਪਰੌੜ, ਭੂਪਿੰਦਰ ਸਿੰਘ, ਹਰਪਾਲ ਸਿੰਘ ਰੱਤਾਖੇੜਾ, ਸੁਰਿੰਦਰ ਵਿਰਕ, ਬੱਬੂ ਘੜਾਮ, ਗੁਰਮੀਤ ਸਿੰਘ ਭੰਬੂਆਂ ਤੋਂ ਇਲਾਵਾ ਆਦਿ ਕਿਸਾਨ ਵੀ ਮੌਜੂਦ ਸਨ।

ਕਿਸਾਨ ਯੂਨੀਅਨ ਨੇ ਕਿਰਤੀ ਕਾਲਜ ਨਿਆਲ ਵਿਚ ਮੋਦੀ ਦਾ ਪੁਤਲਾ ਫੂਕਿਆ

ਪਾਤੜਾਂ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਾਗੂ ਕੀਤੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਸਾੜਨ ਦੇ ਕੀਤੇ ਐਲਾਨ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਵੱਡਾ ਜਨਤਕ ਇਕੱਠ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਦੌਰਾਨ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਲੋਕ ਵਿਰੋਧੀ ਕਾਨੂੰਨ ਲਾਗੂ ਕਰਕੇ ਬਦੀ ਦਾ ਪ੍ਰਤੀਕ ਬਣੀ ਹੈ। ਇਸ ਮੌਕੇ ਨਛੱਤਰ ਸਿੰਘ ਹਾਮਝੇੜੀ, ਬਬਲੀ ਸਿੰਘ ਹਾਮਝੇੜੀ, ਤੇਜਪਾਲ ਸਿੰਘ ਭੂਤਗੜ੍ਹ ਆਦਿ ਹਾਜ਼ਰ ਸਨ।

ਅਕਾਲੀ ਦਲ (ਅ) ਵੱਲੋੋਂ ਆਵਾਜਾਈ ਠੱਪ

ਰਾਜਪੁਰਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖਿਲਾਫ ਪੰਜਾਬੀ ਗਾਇਕ ਦੀਪ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਸ ਦੇ ਆਗੂਆਂ ਲਖਵੀਰ ਸਿੰਘ ਸੌਂਟੀ, ਜਗਜੀਤ ਸਿੰਘ ਖਾਲਸਾ ਅਤੇ ਹੋਰਨਾਂ ਦੀ ਅਗਵਾਈ ਵਿੱਚ ਦਿੱਲੀ-ਅੰਮ੍ਰਿਤਸਰ ਜੀ.ਟੀ ਰੋਡ ’ਤੇ ਸ਼ੰਭੂ ਬੈਰੀਅਰ ਵਿਖੇ ਮੋਰਚਾ ਜਾਰੀ ਰਿਹਾ। ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਕੁਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ, ਸਾਬਕਾ ਡੀ.ਜੀ.ਪੀ ਪੰਜਾਬ ਸੁਮੇਧ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੁਤਲੇ ਸਾੜ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ। ਬੁਲਾਰਿਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਭੰਡਿਆ। ਸ਼ੰਭੂ ਮੋਰਚੇ ਵਿੱਚ ਕੈਪਟਨ ਮਲਕੀਤ ਸਿੰਘ ਬੀ.ਏ ਅਤੇ ਗੁਰਪ੍ਰੀਤ ਸਿੰਘ ਲਾਂਡਰਾ ਦੇ ਢਾਡੀ ਜਥਿਆਂ ਨੇ ਵਾਰਾਂ ਗਾਈਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All