ਖੇਤਰੀ ਪ੍ਰਤੀਨਿਧ
ਪਟਿਆਲਾ, 28 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਮੁਲ਼ਾਜ਼ਮ ਤੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ’ ਦੇ ਸੂਬਾਈ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬੀ ਯੂਨੀਵਰਸਿਟੀ ਦੇ ਇੱਕ ਵਿਭਾਗ ਦੀਆਂ ਦੋ ਅਧਿਆਪਕਾਵਾਂ ’ਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਦੋ ਕਰਮਚਾਰਨਾਂ ਨੂੰ ਬਾਥਰੂਮ ਵਰਤਣ ਤੋਂ ਰੋਕਣ ਤੇ ਬਦਲੀ ਕਰਵਾ ਦੇਣ ਦੇ ਇਲਜ਼ਾਮ ਲਾਏ ਹਨ। ਜਿਸ ਦੇ ਰੋਸ ਵਜੋਂ ਡਾ. ਮੱਟੂ ਦੀ ਅਗਵਾਈ ਹੇਠਾਂ ਇਥੇ ਵੀ.ਸੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੁਨਿਆਦੀ ਹੱਕਾਂ ਤੋਂ ਵਰਜਣਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਦੇ ਦਖਲ ਮਗਰੋਂ ਭਾਵੇਂ ਵਿਵਾਦਿਤ ਪੋਸਟਰ ਹਟਾ ਦਿੱਤਾ ਗਿਆ ਸੀ, ਪਰ ਕੀਤੀਆਂ ਬਦਲੀਆਂ ਦੀ ਰੱਦ ਕੀਤੀਆਂ ਜਾਣ। ਡਾ. ਮੱਟੂ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ’ਚ ਇਹ ਮਾਮਲਾ ਐਸ.ਸੀ ਕਮਿਸ਼ਨ ਕੋਲ ਲਿਜਾਣ ਦੀ ਚੇਤਾਵਨੀ ਦਿੱਤੀ। ਇਸ ਮੌਕੇ ਰਾਕੇਸ਼ ਮੱਟੂ, ਜਗਤਾਰ ਬਾਲੂ, ਹਰਜੀਤ ਟੌਹੜਾ, ਕੁਲਦੀਪ ਸਿੰਘ, ਗੁਰਜੀਤ ਭੈਣੀ, ਸੰਦੀਪ ਕ ਰਾਜਪੁਰਾ, ਬਲਬੀਰ ਸਿੰਘ, ਕੁਲਦੀਪ ਧਾਲੀਵਾਲ, ਰਾਜੇਸ਼ ਗੱਗੂ ਤੇ ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਇਸੇ ਦੌਰਾਨ ਵੱਖਰੀ ਕਾਰਵਾਈ ਦੌਰਾਨ ਪਿਛਲੇ ਦਿਨੀਂ ਸਫਾਈ ਕਰਮਚਾਰੀਆਂ ਦੀਆਂ ਹੋਈਆਂ ਬਦਲੀਆਂ ਕਾਰਨ ਡੇਲੀ ਵੇਜ ਸਫ਼ਾਈ ਕਰਮਚਾਰੀਆਂ ਵੱਲੋਂ ਪ੍ਰਧਾਨ ਰਾਜੇਸ਼ ਕੁਮਾਰ ਗੱਗੂ ਦੀ ਅਗਵਾਈ ਹੇਠਾਂ ਵੀ ਧਰਨਾ ਦਿੱਤਾ ਗਿਆ।
ਉਹ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ। ਸੰਘਰਸ਼ ਨਾਲ ਡੇਲੀਵੇਜ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਵਿੱਚ ਕਰਾਇਆ ਗਿਆ 1500 ਦਾ ਵਾਧਾ ਵੀ ਅਜੇ ਤੱਕ ਨਹੀਂ ਦਿੱਤਾ ਗਿਆ। ਮੰਗਾਂ ਦੀ ਪੂਰਤੀ ਨਾ ਹੋਣ ’ਤੇ ਉਨ੍ਹਾਂ ਨੇ ਸਫਾਈ ਦਾ ਕੰਮ ਬੰਦ ਕਰਨ ਦੀ ਚੇਤਾਵਨੀ ਵੀ ਦਿਤੀ ਹੈ।