ਬਹਾਦਰ ਸਿੰਘ
ਰਾਜਪੁਰਾ, 31 ਅਗਸਤ
ਇੱਥੇ ਅੱਜ ਉਜਾੜਾ ਰੋਕੂ ਸੰਘਰਸ਼ ਕਮੇਟੀ ਨੇ ਸਰਕਾਰ ਵੱਲੋਂ 28 ਸਾਲ ਪਹਿਲਾਂ ਨੇੜਲੇ ਅੱਠ ਪਿੰਡਾਂ ਦੀ ਕਾਰਪੋਰੇਟ ਘਰਾਣੇ ਲਈ ਗ੍ਰਹਿਣ ਕੀਤੀ ਗਈ 1119 ਏਕੜ ਜ਼ਮੀਨ ਵਿੱਚੋਂ ਅਣਵਰਤੀ 533 ਏਕੜ ਜ਼ਮੀਨ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਟਾਊਨ ਦੇ ਫੁਹਾਰਾ ਚੌਕ ਵਿੱਚ ਅੱਜ ਚੌਥੇ ਦਿਨ ਵੀ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਬੀਬੀ ਸੁਰਿੰਦਰ ਕੌਰ, ਸੋਨੀਆ, ਪਰਗਟ ਸਿੰਘ, ਲਸ਼ਕਰ ਸਿੰਘ, ਹਰਨੇਕ ਸਿੰਘ, ਨਰਿੰਦਰ ਕੌਰ, ਅਜੈਬ ਸਿੰਘ, ਕਰਮ ਸਿੰਘ ਅਤੇ ਹਰਬੰਸ ਲਾਲ ਦੀ ਅਗਵਾਈ ਹੇਠ ਕੀਤਾ ਗਿਆ।
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਹੱਥਾਂ ਵਿੱਚ ਫੜੀਆਂ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘‘ਸਾਜ਼ਿਸ਼ ਨਾਲ ਸਾਡੀਆਂ ਲੁੱਟੀਆਂ ਜ਼ਮੀਨਾਂ ਵਾਪਸ ਕਰੋ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਭੰਗ ਕਰੋ, 28 ਸਾਲ ਤੋਂ ਵਿਹਲੀ ਪਈ 533 ਏਕੜ ਜ਼ਮੀਨ ਅਸਲ ਜ਼ਮੀਨ ਮਾਲਕਾਂ ਨੂੰ ਵਾਪਸ ਕਰੋ, ਉਦਯੋਗ ਵਿਭਾਗ ਦੇ ਭ੍ਰਿਸ਼ਟ ਅਫਸਰਾਂ ਨੂੰ ਸਜ਼ਾਵਾਂ ਦਿਓ, ਆਰਟੀਆਈ ਐਕਟ 2005 ਦੀ ਦੁਰਵਰਤੋਂ ਬੰਦ ਕਰੋ” ਦੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਕਰੀਬ ਢਾਈ ਦਹਾਕੇ ਤੋਂ ਉਜਾੜਾ ਰੋਕੂ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਲੜ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਣਵਰਤੀ ਜ਼ਮੀਨ ਭੋਂ ਪ੍ਰਾਪਤੀ ਕਾਨੂੰਨ 2014 ਤਹਿਤ ਸਬੰਧਤ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਮੀਨ ਵਾਪਸ ਨਹੀਂ ਹੁੰਦੀ, ਸੰਘਰਸ਼ ਜਾਰੀ ਰਹੇਗਾ।