ਖੇਤਰੀ ਪ੍ਰਤੀਨਿਧ
ਪਟਿਆਲਾ, 29 ਨਵੰਬਰ
ਜ਼ਮੀਰ ਜਗਾਓ, ਦੇਸ਼ ਬਚਾਓ ਮੁਹਿੰਮ ਤਹਿਤ ਪਟਿਆਲਾ-ਪਹੇਵਾ ਮੁੱਖ ਮਾਰਗ ’ਤੇ ਸਥਿਤ ਸ਼ਹੀਦ ਊਧਮ ਸਿੰਘ ਚੌਕ ’ਤੇ ਨੌਜਵਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦੀ ਅਪੀਲ ਕੀਤੀ। ਨੌਜਵਾਨ ਨੇ ਹੱਥਾਂ ਵਿੱਚ ਬੈਨਰ ਫੜ ਕੇ ਜਾਗਰੂਕ ਰਹਿਣ ਲਈ ਪ੍ਰੇਰਿਆ।
ਇਸ ਮੌਕੇ ਕੁਲਜੀਤ ਮੱਲ੍ਹੀ, ਜਸਵਿੰਦਰ ਪੰਜੇਟਾ, ਗੁਰਵਿੰਦਰ ਕਾਹਲੋਂ ਅਤੇ ਸੁਰਜੀਤ ਪਰੌੜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਨਵਾਂ ਇਤਿਹਾਸ ਸਿਰਜਿਆ ਹੈ ਜਿਸ ਨੇ ਲੋਕਾਂ ਵਿੱਚ ਨਵੀਂ ਚੇਤਨਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਕਿਸਾਨੀ ਘੋਲ ਨੇ ਅੜੀਅਲ ਵਤੀਰੇ ਵਾਲੀ ਸ਼ਕਤੀ ਨੂੰ ਝੁਕਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਵੱਲ ਵਧ ਰਹੇ ਕਦਮਾਂ ਦੀ ਖੁਸ਼ੀ ਘਰਾਂ ’ਤੇ ਕਿਸਾਨੀ ਦੇ ਝੰਡੇ ਲਗਾ ਕੇ ਮਨਾਉਣੀ ਚਾਹੀਦੀ ਹੈ। ਇਸ ਮੌਕੇ ਸੁਰਜੀਤ ਠੇਕੇਦਾਰ, ਗੁਰਦੇਵ ਮਾਨ, ਸੁਖਵਿੰਦਰ ਸਰਪੰਚ ਉਲਟਪੁਰ, ਜਸਵੰਤ ਸਿੰਘ ਉਲਟਪੁਰ ਅਤੇ ਅਮਰਜੀਤ ਰੰਧਾਵਾ ਆਦਿ ਮੌਜੂਦ ਸਨ