ਰਵੇਲ ਸਿੰਘ ਭਿੰਡਰ
ਪਟਿਆਲਾ,1 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਪੱਕਾ ਮੋਰਚਾ ਲਾਈ ਬੈਠੇ ਐੱਨ.ਐੱਸ.ਕਿਊ.ਐੱਫ ਵੋਕੇਸ਼ਨਲ ਅਧਿਆਪਕਾਂ ਨੇ ਅੱਜ ਆਪਣੇ ਰੋਸ ਪ੍ਰੋਗਰਾਮ ਨੂੰ ਹੋਰ ਤਿੱਖਾ ਕਰਦਿਆਂ ਆਪਣੇ ਹੱਥਾਂ ਨੂੰ ‘ਜ਼ੰਜੀਰਾਂ’ ਵਿੱਚ ਜਕੜ ਕੇ ਰੋਸ ਪ੍ਰਦਰਸ਼ਨ ਕੀਤਾ।
ਸੰਘਰਸ਼ੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪ੍ਰਦਸ਼ਨਕਾਰੀਆਂ ਨੇ ਆਪਣੇ ਆਪ ਨੂੰ ਜ਼ੰਜੀਰਾਂ ਨਾਲ ਇਸ ਲਈ ਨੂੜਿਆ ਹੈ ਕਿ ਤਾਂ ਕਿ ਪੰਜਾਬ ਦੇ ਅਵਾਮ ਨੂੰ ਪਤਾ ਲੱਗੇ ਕਿ ਕਿਵੇਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਦੇ ਗ਼ੁਲਾਮ ਬਣਾਇਆ ਹੋਇਆ ਹੈ, ਹਾਲਾਂਕਿ ਉਹ ਸਰਕਾਰੀ ਸੈਕੰਡਰੀ ਸਕੂਲਾਂ ’ਚ ਬਾਕੀ ਰੈਗੂਲਰ ਅਧਿਆਪਕਾਂ ਵਾਂਗ ਸੇਵਾਵਾਂ ਅਰਪਿਤ ਕਰ ਰਹੇ ਹਨ। ਸਿਖਰ ਦੁਪਹਿਰੇ ਕੀਤੇ ਇਸ ਰੋਸ ਪ੍ਰਦਰਸ਼ਨ ਦੌਰਾਨ ਸੰਘਰਸ਼ੀ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਉਨ੍ਹਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਆਪਣੀ ਮੰਗ ਨੂੰ ਜ਼ੋਰ ਸ਼ੋਰ ਨਾਲ ਉਭਾਰਿਆ। ਉਨ੍ਹਾਂ ਸ਼ਿਕਵਾ ਕੀਤਾ ਕਿ ਸਰਕਾਰੀ ਪੱਧਰ ’ਤੇ ਕਈ ਪੈਨਲ ਬੈਠਕਾਂ ਰੱਖੀਆਂ ਗਈਆਂ ਪਰ ਮਾਮਲਾ ਸਿਰੇ ਨਹੀਂ ਚੜ੍ਹ ਰਿਹਾ, ਜਦਕਿ ਚੋਣਾਂ ਵੇਲੇ ਕਾਂਗਰਸ ਨੇ ਸੱਤਾ ’ਚ ਆਉਂਦਿਆਂ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਸ਼ੋਸ਼ਣ ਤੋਂ ਬਚਾਇਆ ਜਾਵੇ। ਪ੍ਰਾਈਵੇਟ ਕੰਪਨੀਆਂ ਉਨ੍ਹਾਂ ਨੂੰ ਮਾਨਸਿਕ ਤੇ ਵਿੱਤੀ ਲਿਹਾਜ਼ ਤੋਂ ਨੂੜ ਕੇ ਰੱਖ ਰਹੀਆਂ ਹਨ। ਅੱਜ ਦੇ ਬੰਨ੍ਹੇ ਸੰਗਲਾਂ ਵਾਂਗ ਹੀ ਉਨ੍ਹਾਂ ਦੀ ਅਸਲ ਜ਼ਿੰਦਗੀ ਹੋਈ ਪਈ ਹੈ। ਰੋਸ ਪ੍ਰੋਗਰਾਮ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ, ਜੁਆਇੰਟ ਸਕੱਤਰ ਮਨਜਿੰਦਰ ਸਿਘ, ਲਵਪ੍ਰੀਤ ਸਿੰਘ, ਗੁਰਲਾਲ ਸਿੰਘ ਨੇ ਕੀਤੀ।